ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੀਬੀਐਸਈ ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਜੂਰੀ ਦੇ ਦਿੱਤੀ ਹੈ, ਜੋ ਜੁਲਾਈ ਦੇ ਪਹਿਲੇ ਹਫ਼ਤੇ ਹੋਣੀਆਂ ਸਨ। ਸੀਬੀਐਸਈ ਨੇ 15 ਜੁਲਾਈ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ।
ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਮੁਤਾਬਕ ਕੋਵਿਡ-19 ਕਾਰਨ ਬਾਕੀ ਰਹਿ ਗਈਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ “ਨਤੀਜੇ ਹੁਣ ਇੱਕ ਨਵੀਂ ਮੁਲਾਂਕਣ ਸਕੀਮ ਦੇ ਤਹਿਤ ਐਲਾਨੇ ਜਾਣਗੇ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਨੰਬਰ ਵਧਾਉਣ ਲਈ ਬਾਅਦ ਵਿੱਚ ਇਮਤਿਹਾਨ ਦੇਣ ਦਾ ਵਿਕਲਪ ਮਿਲੇਗਾ। ਹਾਲਾਂਕਿ, ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਬੈਠਣ ਦੀ ਚੋਣ ਕੀਤੀ ਹੈ, ਉਨ੍ਹਾਂ ਦੇ ਇਮਤਿਹਾਨ ਵਾਲੇ ਨੰਬਰਾਂ ਨੂੰ ਹੀ ਫਾਈਨਲ ਸਕੋਰ ਮੰਨਿਆ ਜਾਵੇਗਾ।
ਇਸ ਦੌਰਾਨ ਆਈ.ਸੀ.ਐੱਸ.ਈ. ਨੇ ਅਦਾਲਤ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਆਪਣੀ ਪ੍ਰੀਖਿਆਵਾਂ ਬਾਅਦ ਵਿਚ ਲਿਖਣ ਦਾ ਵਿਕਲਪ ਦੇ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ‘ਔਸਤ ਅੰਕ’ ਫਾਰਮੂਲਾ ਸੀਬੀਐਸਈ ਨਾਲੋਂ ਵੱਖਰਾ ਹੈ।