ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਹੈਦਰਾਬਾਦ ਐਨਕਾਉਂਟਰ ਮਾਮਲੇ ਵਿੱਚ ਦਰਜ ਪਟੀਸ਼ਨ ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਇਸ ਮਾਮਲੇ ਵਿੱਚ ਸਾਬਕਾ ਜੱਜ ਸਿਰਪੁਰਕਰ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਬਣਾਈ ਗਈ। ਤਿੰਨ ਮੈਂਬਰਾਂ ਵਾਲੇ ਇਸ ਕਮਿਸ਼ਨ ਵਿੱਚ ਛੇ ਮਹੀਨੇ ਵਿੱਚ ਰਿਪੋਰਟ ਸੌਂਪਣ ਦਾ ਆਦੇਸ਼ ਦਿੱਤਾ ਗਿਆ। ਇਸ ਦੇ ਨਾਲ ਹੀ ਹਾਈਕੋਰਟ ਤੇ NHRC ਦੀ ਜਾਂਚ 'ਤੇ ਰੋਕ ਲਾ ਦਿੱਤੀ ਗਈ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਅਸੀਂ ਜਾਂਚ ਦੇ ਆਦੇਸ਼ ਦੇਵਾਂਗੇ, ਤੁਸੀਂ ਸਹਿਯੋਗ ਦਿਓ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ, 'ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਪੁਲਿਸ ਦੋਸ਼ੀ ਹੈ।' ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਪੁੱਛਿਆ ਕਿ ਇਸ ਘਟਨਾ ਨਾਲ ਤੁਹਾਡਾ ਕੀ ਸੰਬੰਧ ਹੈ। ਤੁਸੀਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਰਜ ਕਿਉਂ ਕੀਤੀ? ਕੀ ਤੁਸੀਂ ਹੈਦਰਾਬਾਦ ਤੋਂ ਹੋ? ਇਸ 'ਤੇ ਪਟੀਸ਼ਨਕਰਤਾ ਨੇ ਕਿਹਾ ਕਿ ਮੈਂ ਤਾਮਿਲਨਾਡੂ ਤੋਂ ਹਾਂ।
ਸੁਣਵਾਈ ਦੌਰਾਨ ਸੀਜੇਆਈ ਐਸਏ ਬੋਬੜੇ ਨੇ ਤੇਲੰਗਾਨਾ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਮੁਕੁਲ ਰੋਹਤਗੀ ਨੂੰ ਪੁੱਛਿਆ ਕਿ ਕਿਸੇ ਨੂੰ ਤੱਥਾਂ ਦਾ ਪਤਾ ਨਹੀਂ ਸੀ? ਇਸ 'ਤੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸਾਨੂੰ ਪਤਾ ਹੈ। ਚਾਰਾਂ ਦੀ ਪਛਾਣ ਟੋਲ ਪਲਾਜ਼ਾ ਕੋਲ ਲੱਗੇ ਸੀਸੀਟੀਵੀ ਰਾਹੀਂ ਕੀਤੀ ਗਈ ਤੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।