ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਆਪਣਾ ਮੈਨੀਫੇਸਟੋ ਜਾਰੀ ਕੀਤਾ ਹੈ। ਇਸ ਮੈਨੀਫੇਸਟੋ 'ਚ 28 ਮਹੱਤਵਪੂਰਨ ਵਾਅਦੇ ਕੀਤੇ ਗਏ ਹਨ ਜਿਸ 'ਚ ਪੰਜਵਾਂ ਵਾਅਦਾ ਹੈ ਦੇਸ਼ ਭਗਤੀ ਦੇ ਪਾਠ ਦਾ। ਇਸ ਵਾਅਦੇ 'ਚ ਕਿਹਾ ਗਿਆ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਸ਼ੁਰੂ ਕੀਤੀ ਗਈ ਹੈਪੀਨੈਸ ਕਰਿਕੁਲਮ ਤੇ ਐਂਟਰ ਪੇਨਿਓਰਸ਼ਿਪ ਕਰਿਕੁਲਮ ਦੀ ਸਫ਼ਲਤਾ ਤੋਂ ਬਾਅਦ ਹੁਣ ਦੇਸ਼ ਭਗਤੀ ਦਾ ਪਾਠ ਵੀ ਪੜਾਇਆ ਜਾਵੇਗਾ।
'ਕਠੂਆ ਬਲਾਤਕਾਰ ਵੇਲੇ ਤਿਰੰਗਾ ਲੈ ਕੇ ਘੁੰਮਣ ਵਾਲੇ ਸਾਨੂੰ ਸਿਖਾਉਣਗੇ ਦੇਸ਼ ਭਗਤੀ'
ਆਮ ਆਦਮੀ ਪਾਰਟੀ ਦੇ ਮੈਨੀਫੇਸਟੋ 'ਚ ਕੀਤੇ ਗਏ ਦੇਸ਼ ਭਗਤੀ ਦੇ ਪਾਠ ਦੇ ਵਾਅਦੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਬੀਜੇਪੀ ਨੇ ਇਸ 'ਤੇ ਸਵਾਲ ਚੁੱਕੇ ਜਿਸ ਦਾ ਸੰਜੇ ਸਿੰਘ ਨੇ ਕਰਾਰ ਜਵਾਬ ਦਿੱਤਾ ਹੈ।
ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਇਸ ਵਾਅਦੇ 'ਤੇ ਸਵਾਲ ਚੁੱਕੇ ਸਨ ਜਿਸ ਦਾ ਸੰਜੇ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ। ਸੰਜੇ ਸਿੰਘ ਨੇ ਕਿਹਾ ਕਿ ਆਈਐਸਆਈ ਨੂੰ ਬੁਲਾ ਕੇ ਪਠਾਨਕੋਟ ਦੀ ਜਾਂਚ ਕਰਵਾਉਣ ਵਾਲੇ ਸਾਨੂੰ ਦੇਸ਼ ਭਗਤੀ ਦਾ ਪਾਠ ਪੜਾਉਣਗੇ। ਸੰਜੇ ਸਿੰਘ ਨੇ ਸਵਾਲ ਕੀਤਾ ਕਿ ਅਫ਼ਜ਼ਲ ਗੁਰੂ ਨੂੰ ਸ਼ਹੀਦ ਮੰਨਣ ਵਾਲੀ ਪਾਰਟੀ ਪੀਡੀਪੀ ਨਾਲ ਸਮਝੌਤਾ ਕਿਸ ਨੇ ਕੀਤਾ? 52 ਸਾਲ ਤੱਕ ਤਿਰੰਗਾ ਕਿਸ ਨੇ ਨਹੀਂ ਲਹਿਰਾਇਆ? 8 ਸਾਲ ਦੀ ਬੱਚੀ ਦਾ ਕਠੂਆ 'ਚ ਬਲਾਤਕਾਰ ਹੋਇਆ ਤਾਂ ਤਿਰੰਗਾ ਲੈ ਕੇ ਕੌਣ ਘੁੰਮ ਰਿਹਾ ਸੀ? ਬਲਾਤਕਾਰ 'ਤੇ ਜਿਨ੍ਹਾਂ ਦੇ 3-3 ਮੰਤਰੀ ਤਿਰੰਗਾ ਲੈ ਕੇ ਘੁੰਮ ਰਹੇ ਸਨ, ਉਹ ਸਾਨੂੰ ਦੇਸ਼ ਭਗਤੀ ਦਾ ਪਾਠ ਸਿਖਾਉਣਗੇ।