ਮੁੰਬਈ: ਸੁਪਰੀਮ ਕੋਰਟ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਸੀਬੀਆਈ ਜਾਂਚ ਦੇ ਫ਼ੈਸਲੇ 'ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਇਹ ਮੁੰਬਈ ਪੁਲਿਸ ਦੀ ਯੋਗਤਾ 'ਤੇ ਸ਼ੱਕ ਪੈਦਾ ਕਰਨ ਦੀ ਇੱਕ ਸਾਜ਼ਿਸ਼ ਹੈ।
ਰਾਉਤ ਨੇ ਕਿਹਾ, "ਮੁੰਬਈ ਪੁਲਿਸ ਚੰਗੀ ਜਾਂਚ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਪੂਰੀ ਤਨਦੇਹੀ ਨਾਲ ਮਾਮਲੇ ਦੀ ਜਾਂਚ ਕੀਤੀ।" ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ।
ਸੁਪਰੀਮ ਕੋਰਟ ਨੇ ਇਹ ਨੋਟ ਕਰਦਿਆਂ ਕਿਹਾ ਕਿ ਮੁੰਬਈ ਪੁਲਿਸ ਨੇ ਜਾਂਚ ਵਿੱਚ ਕੋਈ ਗਲਤੀ ਨਹੀਂ ਕੀਤੀ, ਫਿਰ ਵੀ ਕਿਹਾ ਕਿ ਮੁੰਬਈ ਵਿੱਚ ਕੇਸ ਦੀ ਜਾਂਚ ਕਰ ਰਹੀ ਬਿਹਾਰ ਪੁਲਿਸ ਟੀਮ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨਾ ਗਲਤ ਸੀ।
ਰਾਉਤ ਨੇ ਦੁਹਰਾਇਆ ਕਿ ਮਹਾਰਾਸ਼ਟਰ ਹਮੇਸ਼ਾ ਸੱਚਾਈ ਅਤੇ ਨਿਆਂ ਦੀ ਕੋਸ਼ਿਸ਼ ਲਈ ਜਾਣਿਆ ਜਾਂਦਾ ਰਿਹਾ ਹੈ ਅਤੇ ਇਸ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਹੈ ਕਿ ਵੱਡਾ ਜਾਂ ਛੋਟਾ ਹਰ ਕੋਈ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਸਾਰੇ ਇੱਥੇ ਨਿਆਂ ਮਿਲਣ ਦੀ ਉਮੀਦ ਕਰ ਸਕਦੇ ਹਨ।
ਉੱਥੇ ਹੀ ਜਦੋਂ ਉਨ੍ਹਾਂ ਨੂੰ ਸੈਰ-ਸਪਾਟਾ ਮੰਤਰੀ ਆਦਿੱਤਿਆ ਠਾਕਰੇ ਬਾਰੇ ਪੁੱਛਿਆ ਗਿਆ ਤਾਂ ਰਾਉਤ ਨੇ ਕਿਹਾ ਕਿ ਉਨ੍ਹਾਂ ਦਾ ਨਾਂਅ ਵਿੱਚ ਨਾ ਲਿਆਓ, ਪਰ ਕੀ ਰਾਜ ਸਰਕਾਰ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਵੇਗੀ, ਉਹ ਇਸ ਸਵਾਲ 'ਤੇ ਚੁੱਪ ਰਹੇ।
ਦੱਸ ਦੇਈਏ ਕਿ ਰਾਉਤ ਨੇ ਸੁਸ਼ਾਂਤ ਮਾਮਲੇ ਵਿੱਚ ਸੀਬੀਆਈ ਨੂੰ ਜਾਂਚ ਸੌਂਪਣ ਦੇ ਕਦਮ ਦਾ ਨਿਰੰਤਰ ਵਿਰੋਧ ਕੀਤਾ ਹੈ। ਅਦਾਕਾਰ ਸੁਸ਼ਾਂਤ ਰਾਜਪੂਤ 14 ਜੂਨ ਨੂੰ ਆਪਣੇ ਬਾਂਦਰਾ ਸਥਿਤ ਘਰ 'ਚ ਮ੍ਰਿਤਕ ਪਾਏ ਗਏ ਸਨ, ਜਿਸ ਤੋਂ ਬਾਅਦ ਦੇਸ਼ ਭਰ 'ਚ ਰਾਜਨੀਤਿਕ ਹੰਗਾਮਾ ਹੋਇਆ ਸੀ।