ਨਾਂਦੇੜ: ਮਹਾਰਾਸ਼ਟਰ 'ਚ ਸਾਧੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਲਘਰ ਵਿੱਚ 2 ਸਾਧੂਆਂ ਦੇ ਕਤਲ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਨਾਂਦੇੜ ਵਿੱਚ ਇੱਕ ਸਾਧੂ ਦੇ ਕਤਲ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਸ਼ਨੀਵਾਰ ਰਾਤ ਨੂੰ ਮਹਾਰਾਸ਼ਟਰ ਦੇ ਨਾਂਦੇੜ ਦੇ ਉਮਰੀ ਤਾਲੁਕਾ 'ਚ ਬਾਲ ਬ੍ਰਹਮਾਚਾਰੀ ਸ਼ਿਵਾਚਾਰਿਆ ਦਾ ਕਤਲ ਕਰ ਦਿੱਤਾ।
ਜਾਣਕਾਰੀ ਮੁਤਾਬਕ ਸ਼ਿਵਾਚਾਰਿਆ ਦੀ ਲਾਸ਼ ਨੇੜੇ ਭਗਵਾਨ ਸ਼ਿੰਦੇ ਨਾਮ ਦੇ ਵਿਅਕਤੀ ਦੀ ਲਾਸ਼ ਵੀ ਮਿਲੀ ਹੈ। ਦੋਵਾਂ ਦੀਆਂ ਲਾਸ਼ਾਂ ਘਰ ਦੇ ਬਾਥਰੂਮ ਦੇ ਨੇੜੇ ਮਿਲੀਆਂ ਹਨ। ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Amphan Cyclone: ਓਡੀਸ਼ਾ ਨੂੰ ਪੁਨਰ ਨਿਰਮਾਣ ਲਈ ਕੇਂਦਰ ਵੱਲੋਂ 500 ਕਰੋੜ ਦੀ ਅੰਤਰਿਮ ਸਹਾਇਤਾ
ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਉਹ ਕਾਰ ਨੂੰ ਛੱਡ ਕੇ ਹੀ ਭੱਜ ਗਏ। ਕਤਲ ਦਾ ਕਾਰਨ ਲੁੱਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਪਾਲਘਰ ਦੇ ਗੜ੍ਹਚਿੰਚਲੇ ਪਿੰਡ ਵਿੱਚ ਇੱਕ ਭੀੜ ਨੇ 2 ਸਾਧੂਆਂ ਸਮੇਤ 3 ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਸਮੇਂ ਦੌਰਾਨ ਉਥੇ ਮੌਜੂਦ ਪੁਲਿਸ ਦਰਸ਼ਕ ਬਣ ਕੇ ਦੇਖ ਰਹੀ ਸੀ।