ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਠੰਡ ਦੇ ਮੌਸਮ 'ਚ ਸਿਆਸਤ ਕਾਫੀ ਗਰਮਾ ਗਈ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਬੀਜੇਪੀ ਤੇ ਅਕਾਲੀ ਦਲ ਦੇ ਰਾਹ ਵੱਖ-ਵੱਖ ਹੋ ਗਏ ਹਨ। ਬੀਜੇਪੀ ਨੇ ਦਿੱਲੀ ਵਿੱਚ ਅਕਾਲੀ ਦਲ ਨਾਲ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਤੋਂ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਸਪਸ਼ਟ ਕੀਤਾ ਅਕਾਲੀ ਦਲ ਦਿੱਲੀ ਵਿੱਚ ਚੋਣ ਨਹੀਂ ਲੜੇਗੀ।
CAA ਦੇ ਵਿਰੋਧ 'ਚ ਅਕਾਲੀ ਦਲ ਨਹੀਂ ਲੜੇਗਾ ਚੋਣ
ਮਨਜਿੰਦਰ ਸਿੰਘ ਸਿਰਸਾ ਨੇ ਚੋਣ ਨਾ ਲੜਨ ਦਾ ਕਾਰਨ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਨਾਗਰਿਕਤਾ ਸੋਧ ਕਾਨੂੰਨ ਨੂੰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਵੀ ਥਾਂ ਦਿੱਤੀ ਜਾਣੀ ਚਾਹਿਦੀ ਹੈ ਤੇ ਇਸ ਮਾਮਲੇ 'ਤੇ ਅਕਾਲੀ ਦਲ ਦਾ ਸਟੈਂਡ ਸਪਸ਼ਟ ਹੈ। ਸਿਰਸਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਪੁਰਾਣਾ ਰਿਸ਼ਤਾ ਹੈ, ਸੀਏਏ 'ਤੇ ਭਾਜਪਾ ਲੀਡਰਸ਼ਿਪ ਚਾਹੁੰਦੀ ਸੀ ਕਿ ਅਸੀਂ ਇਸ ਸਟੈਂਡ' ਤੇ ਮੁੜ ਵਿਚਾਰ ਕਰੀਏ। ਇਸ ਲਈ ਅਸੀਂ ਆਪਣਾ ਪੱਖ ਬਦਲਣ ਦੀ ਬਜਾਏ ਇਨ੍ਹਾਂ ਚੋਣਾਂ ਨੂੰ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਸਿਰਸਾ ਨੇ ਕਿਹਾ ਕਿ ਅਸੀਂ ਸੀਏਏ ਦਾ ਸਵਾਗਤ ਕੀਤਾ ਪਰ ਅਸੀਂ ਕਦੇ ਮੰਗ ਨਹੀਂ ਕੀਤੀ ਕਿ ਕਿਸੇ ਇੱਕ ਧਰਮ ਨੂੰ ਇਸ ਐਕਟ ਤੋਂ ਬਾਹਰ ਰੱਖਿਆ ਜਾਵੇ।