ਜੈਪੁਰ: ਸਚਿਨ ਪਾਇਲਟ ਅਤੇ ਉਸ ਦੇ ਸਾਥੀ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿਰੁੱਧ ਰਾਜਸਥਾਨ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ। ਕਾਂਗਰਸ ਦੇ ਡਾ. ਮਹੇਸ਼ ਜੋਸ਼ੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਬਾਗੀ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਵਿਧਾਇਕਾਂ ਨੂੰ ਇਹ ਨੋਟਿਸ ਭਾਰਤੀ ਸੰਵਿਧਾਨ ਦੀ ਧਾਰਾ 191 ਅਤੇ ਰਾਜਸਥਾਨ ਵਿਧਾਨ ਸਭਾ ਦਲ ਪਰਿਵਰਤਨ ਦੇ ਆਧਾਰ ਉੱਤੇ ਅਯੋਗਤਾ ਨਿਯਮ 1989 ਦੀਆਂ ਧਾਰਾਵਾਂ ਦੇ ਤਹਿਤ ਜਾਰੀ ਕੀਤੇ ਗਏ ਹਨ।
ਵਿਧਾਇਕਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਲਿਖਤੀ ਜਵਾਬ ਤਿੰਨ ਦਿਨਾਂ ਦੇ ਅੰਦਰ ਵਿਧਾਨ ਸਭਾ ਸਪੀਕਰ ਦੇ ਸਾਹਮਣੇ ਪੇਸ਼ ਕਰਨ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਜੇ ਲਿਖਤੀ ਟਿੱਪਣੀ ਜਾਂ ਜਵਾਬ ਨਹੀਂ ਦਿੰਦੇ ਤਾਂ ਸਬੰਧਿਤ ਪਟੀਸ਼ਨ ਉੱਤੇ ਇੱਕ ਪੱਖੀ ਸੁਣਵਾਈ ਕਰ ਉਸ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਾਂਗਰਸ ਦੇ ਬਾਗੀ ਨੇਤਾ ਪਾਇਲਟ ਦਾ ਨਾਂਅ ਲਏ ਬਿਨਾਂ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਹ ਸਿੱਧੇ ਤੌਰ ਉੱਤੇ ਭਾਜਪਾ ਦੇ ਨਾਲ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖਤ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਗੱਲ ਦੇ ਸਬੂਤ ਵੀ ਹਨ।