ਨਵੀਂ ਦਿੱਲੀ: ਕੇਰਲ ਵਿੱਚ ਸਬਰੀਮਾਲਾ ਮੰਦਿਰ ਦੇ ਕਪਾਟ 16 ਨਵੰਬਰ ਨੂੰ ਦੇਰ ਸ਼ਾਮ ਖੁੱਲ੍ਹਣ ਜਾ ਰਹੇ ਹਨ। ਇਸ ਦੇ ਨਾਲ ਹੀ ਮੰਡਲਾ ਪੂਜਾ ਦੀ ਸ਼ੁਰੂਆਤ ਹੋਵੇਗੀ। ਸ਼ਰਧਾਲੂ ਪਹਿਲਾਂ ਹੀ ਮੰਦਰ ਵਿੱਚ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਹਨ।
ਅੱਜ ਸ਼ਾਮ ਨੂੰ ਖੁੱਲਣਗੇ ਸਬਰੀਮਾਲਾ ਮੰਦਿਰ ਦੇ ਕਪਾਟ, ਸੁਰੱਖਿਆ ਦੇ ਸਖ਼ਤ ਪ੍ਰਬੰਧ
16 ਨਵੰਬਰ ਨੂੰ ਦੇਰ ਸ਼ਾਮ ਕੇਰਲ ਦੇ ਸਬਰੀਮਾਲਾ ਮੰਦਿਰ ਦੇ ਕਪਾਟ ਖੁੱਲ੍ਹਣ ਜਾ ਰਹੇ ਹਨ ਜਿਸ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਪਹਿਲਾਂ ਹੀ ਸਖ਼ਤ ਕਰ ਦਿੱਤੇ ਗਏ ਹਨ।
ਮੰਦਿਰ ਦੇ ਕਪਾਟ ਖੁੱਲ੍ਹਣ ਨੂੰ ਲੈ ਕੇ ਪ੍ਰਸ਼ਾਸਨ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਨਿੱਚਰਵਾਰ ਸ਼ਾਮ ਨੂੰ ਸਬਰੀਮਾਲਾ ਮੰਦਰ ਦੇ ਖੁੱਲ੍ਹਣ ਸਮੇਂ ਸ਼ਰਧਾਲੂਆਂ ਦੀ ਭੀੜ 'ਤੇ ਕਾਬੂ ਪਾਉਣ ਲਈ ਸੁਰੱਖਿਆ ਦੇ ਪ੍ਰਬੰਧ ਪਹਿਲਾਂ ਹੀ ਸਖ਼ਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਸਬਰੀਮਾਲਾ ਦੇ ਫੈਸਲੇ 'ਤੇ ਇੱਕ ਸਮੀਖਿਆ ਪਟੀਸ਼ਨ ਵੱਡੇ ਬੈਂਚ ਨੂੰ ਭੇਜ ਦਿੱਤੀ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹੁਣ ਇਹ ਵੇਖਣਾ ਹੋਵੇਗਾ ਕਿ ਔਰਤਾਂ ਨੂੰ ਮੰਦਰ ਵਿੱਚ ਪ੍ਰਵੇਸ਼ ਮਿਲਦਾ ਹੈ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ 28 ਸਤੰਬਰ 2018 ਨੂੰ ਇੱਕ ਫੈਸਲਾ ਸੁਣਾਇਆ ਸੀ, ਜਿਸ ਵਿੱਚ 10 ਤੋਂ 50 ਸਾਲ ਦੀ ਉਮਰ ਦੀਆਂ ਬੱਚੀਆਂ ਅਤੇ ਔਰਤਾਂ ਦੇ ਮੰਦਿਰ ਵਿੱਚ ਦਾਖਲ ਹੋਣ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਸੀ।