ਲੱਦਾਖ: ਸਰਹੱਦ 'ਤੇ ਚੱਲ ਰਹੇ ਤਣਾਅ ਦੇ ਵਿਚਕਾਰ ਪੂਰਬੀ ਲੱਦਾਖ ਸੈਕਟਰ 'ਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਗੋਲੀਬਾਰੀ ਹੋਣ ਦੀਆਂ ਖਬਰਾਂ ਆਈਆਂ ਹਨ। ਹਾਲਾਂਕਿ ਸਥਿਤੀ ਨੂੰ ਨਿਯੰਤਰਿਤ ਦੱਸਿਆ ਜਾ ਰਿਹਾ ਹੈ।
ਦੋਹਾਂ ਪੱਖਾ ਵਿਚਾਲੇ ਪਿਛਲੇ ਤਿੰਨ ਮਹੀਨਿਆਂ ਤੋਂ ਗੱਲਬਾਤ ਜਾਰੀ ਹੈ, ਜਿਸ ਵਿੱਚ ਪੰਜ ਲੈਫਟੀਨੈਂਟ ਜਨਰਲ ਪੱਧਰ ਦੀਆਂ ਗੱਲਬਾਤ ਸ਼ਾਮਲ ਹਨ, ਪਰ ਅਜੇ ਤੱਕ ਕੋਈ ਨਤੀਜਾ ਨਹੀਂ ਮਿਲਿਆ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫੌਜ ਨੇ ਅਸਲ ਕੰਟਰੋਲ ਲਾਈਨ (ਐਲਏਸੀ) 'ਤੇ ਚੇਤਾਵਨੀ ਦੇਣ ਲਈ ਫਾਇਰਿੰਗ ਕੀਤੀ, ਯਾਨੀ ਵਾਰਨਿੰਗ ਸ਼ਾਟਸ ਫਾਇਰ ਕੀਤੇ।
LAC 'ਤੇ ਵਧਿਆ ਤਣਾਅ, ਚੀਨ ਨੇ ਭਾਰਤੀ ਫੌਜ 'ਤੇ ਫਾਇਰਿੰਗ ਦਾ ਲਾਇਆ ਦੋਸ਼ ਚੀਨੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਚੀਨੀ ਸਰਹੱਦੀ ਪਹਿਰੇਦਾਰਾਂ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਅਜੇ ਤੱਕ ਭਾਰਤ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਚੀਨੀ ਫੌਜ ਦੇ ਇੱਕ ਬੁਲਾਰੇ ਨੇ ਕਿਹਾ, "ਭਾਰਤੀ ਫੌਜ ਨੇ ਐਲਏਸੀ ਨੂੰ ਗੈਰ ਕਾਨੂੰਨੀ ਢੰਗ ਨਾਲ ਪਾਰ ਕੀਤਾ ਅਤੇ ਪੈਨਗੋਂਗ ਝੀਲ ਦੇ ਦੱਖਣੀ ਕਿਨਾਰੇ ਅਤੇ ਸ਼ੈਨਪਾਓ ਪਹਾੜੀ ਖੇਤਰ ਵਿੱਚ ਦਾਖਲ ਹੋਏ।"
ਜ਼ਿਕਰ-ਏ-ਖ਼ਾਸ ਹੈ ਕਿ ਪੂਰਬੀ ਲੱਦਾਖ ਸਥਿਤ ਪੈਨਗੋਂਗ ਝੀਲ ਦੇ ਦੱਖਣੀ ਕੰਢੇ 'ਤੇ ਸਥਿਤ ਭਾਰਤੀ ਖੇਤਰ 'ਤੇ ਕਬਜ਼ਾ ਕਰਨ ਲਈ ਚੀਨ ਵੱਲੋਂ 29 ਅਗਸਤ ਅਤੇ 30 ਅਗਸਤ ਨੂੰ ਕੀਤੀ ਗਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਤਣਾਅ ਇੱਕ ਵਾਰ ਫਿਰ ਵੱਧ ਗਿਆ ਹੈ।
ਭਾਰਤ ਨੇ ਪੈਨਗੋਂਗ ਝੀਲ ਦੇ ਦੱਖਣ ਵਿੱਚ ਰਣਨੀਤਕ ਰੂਪ 'ਚ ਅਹਿਮ ਕਈ ਉੱਚੀਆਂ ਥਾਵਾਂ 'ਤੇ ਮੁਸਤੈਦੀ ਵਧਾ ਦਿੱਤੀ ਹੈ। ਚੀਨ ਦੀ ਘੁਸਪੈਠ ਦੀ ਕੋਸ਼ਿਸ਼ ਦੇ ਮੱਦੇਨਜ਼ਰ, ਭਾਰਤ ਨੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਾਧੂ ਫੌਜ ਭੇਜੀ ਹੈ ਅਤੇ ਹਥਿਆਰ ਤਾਇਨਾਤ ਕੀਤੇ ਹਨ।