ਕੋਲਕਾਤਾ: ਅਮਫ਼ਾਨ ਚੱਕਰਵਾਤ ਨੇ ਪੱਛਮੀ ਬੰਗਾਲ ਵਿੱਚ ਭਾਰੀ ਤਬਾਹੀ ਮਚਾ ਦਿੱਤੀ ਹੈ। ਚੱਕਰਵਾਤ ਨਾਲ ਹੋਈ ਤਬਾਹੀ ਦੀ ਮੁਰੰਮਤ ਲਈ ਭਾਰਤੀ ਫ਼ੌਜ ਤੇ ਐਨਡੀਆਰਐਫ ਦੇ ਜਵਾਨ ਕੰਮ ਕਰ ਰਹੇ ਹਨ। ਕਈ ਇਲਾਕਿਆਂ ਵਿੱਚ ਲੋਕਾਂ ਵੱਲੋਂ ਉਨ੍ਹਾਂ ਨੂੰ ਜ਼ਰੂਰੀ ਸਹੂਲਤਾਂ ਨਾ ਮਿਲਣ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਚੱਕਰਵਾਤ ਨਾਲ ਪ੍ਰਭਾਵਤ ਦੂਰ ਸੰਚਾਰ ਨੈਟਵਰਕ ਦੀ ਮੁਰੰਮਤ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਸਥਾਨਕ ਪ੍ਰਸ਼ਾਸਨ ਅਤੇ ਬਿਜਲੀ ਕੰਪਨੀਆਂ ਆਦਿ ਦੇ ਅਧਿਕਾਰੀਆਂ ਦਰਮਿਆਨ ਤਾਲਮੇਲ ਦੀ ਘਾਟ ਨੇ ਵੀ ਨੈੱਟਵਰਕ ਨੂੰ ਠੀਕ ਕਰਨ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ ਹੈ। ਚੱਕਰਵਾਤ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਪਾਣੀ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ। ਲੋਕ ਇਨ੍ਹਾਂ ਸੇਵਾਵਾਂ ਦੀ ਬਹਾਲੀ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।