ਜੈਪੂਰ: ਪਿਛਲੇ ਇੱਕ ਮਹੀਨੇ ਤੋਂ ਰਾਜਸਥਾਨ ਵਿੱਚ ਚੱਲ ਰਹੇ ਰਾਜਨੀਤਿਕ ਸੰਘਰਸ਼ ਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੋਮਵਾਰ ਨੂੰ ਪਹਿਲੀ ਵਾਰ ਮੀਡੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਅਹੁਦਾ ਦਿੰਦੀ ਵੀ ਹੈ ਅਤੇ ਅਹੁਦਾ ਲੈਂਦੀ ਵੀ ਹੈ। ਮੈਨੂੰ ਅਹੁਦੇ ਦਾ ਕੋਈ ਲਾਲਚ ਨਹੀਂ ਹੈ, ਪਰ ਮੈਂ ਆਪਣੇ ਮਾਣ ਨਾਲ ਜੁੜੀ ਗੱਲ ਪਾਰਟੀ ਸਾਹਮਣੇ ਰੱਖੀ ਹੈ। ਸਾਨੂੰ ਲੱਗਦਾ ਸੀ ਇਹ ਗੱਲ ਪਾਰਟੀ ਸਾਹਮਣੇ ਰੱਖਣਾ ਜ਼ਰੂਰੀ ਸੀ। ਇਸ ਵਿਚਾਲੇ ਮੈਨੂੰ ਕਈ ਸਾਰੀਆਂ ਗੱਲਾਂ ਕਹੀਆਂ ਗਈਆਂ ਸਨ ਅਤੇ ਮੈਨੂੰ ਨਿੱਜੀ ਤੌਰ 'ਤੇ ਬਹੁਤ ਕੁਝ ਸੁਣਨਾ ਪਿਆ, ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਪਰ ਰਾਜਨੀਤੀ ਵਿਚ ਸੰਜਮ ਕਾਇਮ ਰੱਖਣਾ ਪੈਂਦਾ ਹੈ।
ਰਾਜਸਥਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਸਚਿਨ ਪਾਇਲਟ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਕਾਂਗਰਸ ਨੇ ਸਚਿਨ ਪਾਇਲਟ ਨਾਲ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸਚਿਨ ਪਾਇਲਟ ਸਮੇਤ ਬਾਗੀ ਵਿਧਾਇਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਸਾਰੀ ਰਿਪੋਰਟ ਹਾਈ ਕਮਾਂਡ ਨੂੰ ਦੇਵੇਗੀ।