ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦੇ ਖ਼ਿਲਾਫ਼ ਭਾਜਪਾ ਆਗੂ ਨਵੀਨ ਕੁਮਾਰ ਨੇ ਦਿੱਲੀ ਦੇ ਪਾਰਲੀਮੈਂਟ ਸਟਰੀਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਆਗੂ ਨੇ ਰਵਨੀਤ ਬਿੱਟੂ ਉੱਤੇ ਦੋਸ਼ ਲਗਾਏ ਹਨ ਕਿ ਇੱਕ ਟੀਵੀ ਡਿਬੇਟ ਦੌਰਾਨ ਰਵਨੀਤ ਬਿੱਟੂ ਨੇ ਭੜਕਾਊ ਗੱਲਾਂ ਆਖੀਆਂ ਸਨ ਅਤੇ ਇਸ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਸ਼ਿਕਾਇਤ ਦਰਜ ਹੋਣ ਉੱਤੇ ਰਵਨੀਤ ਸਿੰਘ ਬਿੱਟੂ ਨੇ ਆਪਣੀ ਪ੍ਰਤੀਕਿਰਿਆ ਦਿੱਤੀ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲੱਖਾਂ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਧਰਨੇ ਵਿੱਚ ਹੁਣ ਤੱਕ 40 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਵੀ ਡਿਬੇਟ ਵਿੱਚ ਇਨ੍ਹਾਂ ਕਿਸਾਨਾਂ ਦੀ ਮੌਤ ਬਾਰੇ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਪੰਜਾਬ ਦੇ ਲੋਕ ਆਪਣੀ ਜ਼ਮੀਨ ਲਈ ਅਤੇ ਆਪਣੀ ਖੇਤੀ ਲਈ ਆਪਣਾ ਖ਼ੂਨ ਤੱਕ ਦਾਅ ਉੱਤੇ ਲਾ ਦੇਣਗੇ।
ਜੇਕਰ ਪੁਲਿਸ ਨੇ ਗ੍ਰਿਫ਼ਤਾਰ ਨਾ ਕੀਤਾ ਤਾਂ ਖ਼ੁਦ ਜਾ ਕੇ ਦੇਵਾਂਗਾ ਗ੍ਰਿਫ਼ਤਾਰੀ: ਰਵਨੀਤ ਬਿੱਟੂ ਉਨ੍ਹਾਂ ਕਿਹਾ ਕਿ ਹੁਣ ਤੱਕ 40 ਕਿਸਾਨਾਂ ਦੀ ਮੌਤ ਇਸ ਦਾ ਸਬੂਤ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਲਈ ਜ਼ਿੰਮੇਵਾਰ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਬਿਆਨ ਉੱਤੇ ਭਾਜਪਾ ਆਗੂਆਂ ਨੇ ਐਫਆਈਆਰ ਕਰ ਦਿੱਤੀ ਹੈ। ਇਹ ਐਫਆਈਆਰ ਆਈਪੀਸੀ ਦੀ ਧਾਰਾ ਦੇ 504, 506 ਦੇ ਤਹਿਤ ਦਰਜ ਕੀਤੀ ਗਈ ਹੈ।
ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਉੱਤੇ ਕਿਸਾਨਾਂ ਲਈ ਪਰਚਾ ਦਰਜ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਧਰਨੇ ਵਿੱਚ ਮੌਤ ਹੋਈ ਹੈ ਉਨ੍ਹਾਂ ਦੀ ਮੌਤ ਦੇ ਜ਼ਿੰਮੇਦਾਰਾਂ ਉੱਤੇ ਵੀ ਪਰਚਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪ ਥਾਣੇ ਵਿੱਚ ਜਾ ਕੇ ਆਪਣੀ ਗ੍ਰਿਫ਼ਤਾਰੀ ਦੇਣਗੇ, ਜੇਕਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤਾ। ਇਸ ਸ਼ਿਕਾਇਤ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਆਖੀ ਗਈ ਹੈ ਜਿਸ ਉੱਤੇ ਬਿੱਟੂ ਨੇ ਕਿਹਾ ਕਿ ਉਹ ਆਪਣੀ ਸੰਸਦ ਅਤੇ ਵਿਧਾਇਕ ਸਹਿਯੋਗੀਆਂ ਨਾਲ ਅਸੀਂ ਬੈਠੇ ਹਨ ਅਤੇ ਉਹ ਕੋਈ ਅਣਪਛਾਤੇ ਨਹੀਂ ਹਨ।