ਪਣਜੀ: ਉੱਤਰੀ ਗੋਆ ਜ਼ਿਲ੍ਹੇ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਰੇਵ ਪਾਰਟੀ 'ਚ ਛਾਪਾ ਮਾਰਿਆ, ਜਿੱਥੇ ਕਥਿਤ ਤੌਰ 'ਤੇ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਦੇਸ਼ੀਆਂ ਸਣੇ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਅੰਜੁਨਾ ਪੁਲਿਸ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਵਗਾਟਰ ਦੇ ਇੱਕ ਵਿਲਾ ਵਿੱਚ ਪਾਰਟੀ ਚੱਲ ਰਹੀ ਸੀ। ਉੱਥੋਂ ਪੁਲਿਸ ਨੇ 9 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।
ਅਪਰਾਧ ਸ਼ਾਖਾ ਟੀਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀਆਂ ਗਈਆਂ ਮਹਿਲਾਵਾਂ ਵਿੱਚੋਂ 2 ਰੂਸ ਦੀਆਂ ਅਤੇ ਇੱਕ ਚੈੱਕ ਗਣਰਾਜ ਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਸਬਸਟੈਂਟਸ (ਐਨਡੀਪੀਐਸ) ਐਕਟ ਤਹਿਤ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਪਾਰਟੀ ਦਾ ਆਯੋਜਨ ਕਰਨ ਵਾਲੇ ਇੱਕ ਭਾਰਤੀ ਵਿਅਕਤੀ ਨੂੰ ਐਨਡੀਪੀਐਸ ਐਕਟ ਦੇ ਤਹਿਤ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪਾਰਟੀ ਵਿੱਚ ਮੌਜੂਦ 19 ਹੋਰ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਘਰੇਲੂ ਸੈਲਾਨੀ ਸਨ ਜੋ ਛੁੱਟੀਆਂ ਮਨਾਉਣ ਲਈ ਤੱਟਵਰਤੀ ਰਾਜ ਆਏ ਸਨ।
ਇੱਕ ਟਵੀਟ ਵਿੱਚ ਗੋਆ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਮੁਕੇਸ਼ ਕੁਮਾਰ ਮੀਣਾ ਨੇ ਕਿਹਾ, "ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਸ਼ਿਆਂ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਦੇ ਤਹਿਤ ਗੋਆ ਪੁਲਿਸ ਦੀ ਅਪਰਾਧ ਸ਼ਾਖਾ ਨੇ ਅੰਜੁਨਾ 'ਚ ਦੇਰ ਰਾਤ ਪਾਰਟੀ ਦਾ ਪਰਦਾਫਾਸ਼ ਕੀਤਾ।" ਤਿੰਨ ਵਿਦੇਸ਼ੀ ਮਹਿਲਾ ਸਣੇ 23 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 9 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ ਨਸ਼ੇ ਜ਼ਬਤ ਕੀਤੇ ਗਏ। ਸਿਓਲੀਮ ਹਲਕੇ ਤੋਂ ਗੋਆ ਫਾਰਵਰਡ ਪਾਰਟੀ ਦੇ ਵਿਧਾਇਕ ਵਿਨੋਦ ਪਾਲੀਏਕਰ ਨੇ ਦਾਅਵਾ ਕੀਤਾ ਕਿ ਤੱਟਵਰਤੀ ਖੇਤਰ ਵਿੱਚ ਰੇਵ ਪਾਰਟੀਆਂ ਅੰਨ੍ਹੇਵਾਹ ਚੱਲ ਰਹੀਆਂ ਹਨ।