ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਨਿਰਭਿਆ ਗੈਂਗਰੇਪ ਤੇ ਕਤਲ ਮਾਮਲੇ ਦੇ ਇੱਕ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਹੈ। ਰਹਿਮ ਦੀ ਅਪੀਲ ਉਪ ਰਾਜਪਾਲ ਨੂੰ ਭੇਜੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ 'ਚ ਇਸ ਮਾਮਲੇ 'ਤੇ ਸੁਣਵਾਈ ਹੋਈ। ਅਦਾਲਤ ਨੇ ਮੁਕੇਸ਼ ਵੱਲੋਂ ਦਾਖਲ ਕੀਤੀ ਡੇਥ ਵਾਰੰਟ 'ਤੇ ਰੋਕ ਲਗਾਉਣ ਦੀ ਅਰਜ਼ੀ ਰੱਦ ਕਰ ਦਿੱਤੀ। ਇਸ ਤੋਂ ਬਾਅਦ ਮੁਕੇਸ਼ ਨੇ ਟਰਾਇਲ ਕੋਰਟ 'ਚ ਅਰਜ਼ੀ ਦੇ ਕੇ ਰਹਿਮ ਦੀ ਅਪੀਲ 'ਤੇ ਫ਼ੈਸਲਾ ਆਉਣ ਤੱਕ ਡੇਥ ਵਾਰੰਟ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਟਰਾਇਲ ਕੋਰਟ ਇਸ ਅਪੀਲ 'ਤੇ ਅੱਜ ਸੁਣਵਾਈ ਕਰੇਗਾ। ਹਾਲਾਂਕਿ ਦਿੱਲੀ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਇੱਕ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪੈਂਡਿੰਗ ਹੈ ਇਸ ਲਈ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।
ਸੁਣਵਾਈ ਦੌਰਾਨ ਸਰਕਾਰ ਦੇ ਵਕੀਲ ਨੇ ਕਿਹਾ ਕਿ ਜੇ ਡੇਥ ਵਾਰੰਟ ਵਿਰੁੱਧ ਲੱਗੀ ਪਟੀਸ਼ਨ ਰੱਦ ਹੁੰਦੀ ਹੈ ਤਾਂ ਫਾਂਸੀ ਦੇ ਲਈ 14 ਦਿਨ ਦਾ ਸਮਾਂ ਦਿੱਤਾ ਜਾਣਾ ਜ਼ਰੂਰੀ ਹੈ। ਇਸ ਗੱਲ ਨੂੰ ਲੈ ਕੇ ਹੇਠਲੀ ਅਦਾਲਤ 'ਚ ਪਟੀਸ਼ਨ ਲਗਾਈ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਨਿਰਭਿਆ ਗੈਂਗਰੇਪ ਤੇ ਕਤਲ ਮਾਮਲੇ ਦੇ ਚਾਰ ਦੋਸ਼ੀਆਂ 'ਚੋਂ ਇੱਕ ਮੁਕੇਸ਼ ਨੇ ਹੇਠਲੀ ਅਦਾਲਤ ਵੱਲੋਂ ਜਾਰੀ ਮੌਤ ਦੇ ਵਾਰੰਟ ਨੂੰ ਰੋਕਣ ਲਈ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ। ਉਸ ਦੀ ਵਕੀਲ ਵਰਿੰਦਾ ਗਰੋਵਰ ਨੇ 7 ਜਨਵਰੀ ਨੂੰ ਹੇਠਲੀ ਅਦਾਲਤ ਵੱਲੋਂ ਜਾਰੀ ਡੇਥ ਵਾਰੰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਦੱਸ ਦੇਈਏ ਕਿ ਜੇ 21 ਜਨਵਰੀ ਦੁਪਹਿਰ ਤੱਕ ਰਹਿਮ ਦੀ ਅਪੀਲ ਤੇ ਫੈਸਲਾ ਨਹੀਂ ਹੁੰਦਾ ਤਾਂ ਜੇਲ ਪ੍ਰਸ਼ਾਸਨ ਨੂੰ ਡੇਥ ਵਾਰੰਟ ਲਈ ਦੋਬਾਰਾ ਕੋਰਟ ਜਾਣਾ ਪਵੇਗਾ। ਪਟੀਸ਼ਨ 22 ਜਨਵਰੀ ਤੋਂ ਪਹਿਲਾਂ ਜਾਂ ਬਾਅਦ 'ਚ ਰੱਦ ਹੋਣ 'ਤੇ ਵੀ ਡੇਥ ਵਾਰੰਟ ਦੀ ਨਵੀਂ ਪਟੀਸ਼ਨ ਲਗਾਉਣੀ ਪਵੇਗੀ।