ਕੁਰੂਕਸ਼ੇਤਰ:ਕਿਸਾਨ ਆਗੂ ਰਾਕੇਸ਼ ਟਿਕੈਤ ਕੁਰੂਕਸ਼ੇਤਰ ਪਹੁੰਚੇ ਜਿਥੇ ਉਹਨਾਂ ਨੇ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਨ ਸਬੰਧੀ ਜੋ ਚਾਲਾਂ ਚੱਲ ਰਹੀ ਹੈ ਉਸ ਨਾਲ ਅੰਦੋਲਨ ਹੋਰ ਵੀ ਮਜ਼ਬੂਰ ਹੋ ਰਿਹਾ ਹੈ। ਕਿਸਾਨ ਕੇਂਦਰ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ। ਉਹਨਾਂ ਕਿਹਾ ਕਿ ਹੁਣ ਸਿਰਫ਼ ਇਹ ਕਿਸਾਨ ਅੰਦੋਲਨ ਨਹੀਂ ਹੈ ਸਗੋਂ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਾ ਹੈ।
ਪ੍ਰਧਾਨ ਮੰਤਰੀ ਦੇ ਬਿਆਨ 'ਤੇ ਭੜਕੇ ਰਾਕੇਸ਼ ਟਿਕੈਤ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਜੋ ਕਿਸਾਨੀ ਸੰਘਰਸ਼ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ, ਉਸ ’ਤੇ ਪਲਟਵਾਰ ਕਰਦੇ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਪਰਜੀਵੀ ਆਖ ਰਹੇ ਹਨ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਜ਼ਾਦੀ ਲਈ ਭਗਤ ਸਿੰਘ ਨੇ ਅੰਦੋਲਨ ਸ਼ੁਰੂ ਕੀਤਾ ਕਿ ਭਗਤ ਸਿੰਘ ਦਾ ਪਰਿਵਾਰ ਪਰਜੀਵੀ ਹੈ। ਜਾਂ ਫਿਰ ਕਿਸਾਨੀ ਲਹਿਰ ਵਿੱਚ ਆਪਣੀ ਜਾਨ ਗੁਆਉਣ ਵਾਲੇ ਕਿਸਾਨ ਪਰਜੀਵੀ ਹਨ?
ਰਾਕੇਸ਼ ਟਿਕੈਟ ਨੇ ਕਿਹਾ ਕਿ ਇਹ ਲੜਾਈ ਕਿਸਾਨਾਂ ਦੀ ਜ਼ਮੀਨ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੀ ਧਰਤੀ ਕ੍ਰਾਂਤੀ ਦੀ ਧਰਤੀ ਹੈ। ਇਥੇ ਆਏ ਸਾਰੇ ਲੋਕ ਇਨਕਲਾਬੀ ਹਨ। ਉਹਨਾਂ ਕਿਹਾ ਕਿ ਸਾਨੂੰ ਪੀੜ੍ਹੀਆਂ ਲਈ ਖੁਦ ਅੰਦੋਲਨ ਕਰਨਾ ਪਏਗਾ। ਸਰਕਾਰ ਕਿਸਾਨਾਂ ਦਾ ਹੌਂਸਲਾ ਤੋੜਨਾ ਚਾਹੁੰਦੀ ਹੈ, ਜਿਸ ’ਚ ਉਹ ਅਸਫ਼ਲ ਰਹੀ।