ਨਵੀਂ ਦਿੱਲੀ: ਚੀਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਰੂਸ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਏ। ਇਸ ਦੌਰਾਨ, ਉਹ ਐਸ- 400 ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਸਮੇਂ ਸਿਰ ਮੁਹੱਈਆ ਕਰਾਉਣ ਦੀਆਂ ਵਿਧੀਆਂ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਲਈ ਵਿਚਾਰ-ਵਟਾਂਦਰਾ ਕਰ ਸਕਦੇ ਹਨ।
ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਮੇਂ ਦੌਰਾਨ, ਰੱਖਿਆ ਮੰਤਰੀ ਰੂਸ ਦੇ ਨੇਤਾਵਾਂ ਨਾਲ ਖੇਤਰੀ ਸੁਰੱਖਿਆ ਦ੍ਰਿਸ਼ ਅਤੇ ਪੂਰੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਵੀ ਗੱਲਬਾਤ ਕਰ ਸਕਦੇ ਹਨ। ਐਸ- 400 ਮਿਜ਼ਾਈਲ ਦੀ ਸਪਲਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੁੱਖ ਤਰਜੀਹ ਹੋਵੇਗੀ।
ਦੱਸ ਦਈਏ ਕਿ ਸਾਲ 2018 ਵਿਚ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਵੀਂ ਦਿੱਲੀ ਵਿਚ ਸਾਲਾਨਾ ਦੁਵੱਲੇ ਸ਼ਿਖਰ ਸੰਮੇਲਨ ਦੇ ਮੌਕੇ 'ਤੇ 5.4 ਬਿਲੀਅਨ ਡਾਲਰ ਦੇ ਮਿਜ਼ਾਈਲ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।
ਹਾਲਾਂਕਿ, ਰੂਸ ਦੇ ਮਿਸ਼ਨ ਡਿਪਟੀ ਚੀਫ਼ ਰੋਮਨ ਬਾਬੂਸ਼ਕਿਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਐਸ- 400 ਸਣੇ ਫੌਜੀ ਸਮਝੌਤਿਆਂ ਨੂੰ ਲਾਗੂ ਕਰਨ ਵਿੱਚ ਕੁਝ ਦੇਰੀ ਹੋ ਸਕਦੀ ਹੈ।
ਜਨਵਰੀ 2018 ਵਿੱਚ ਇਰਾਨ, ਉੱਤਰੀ ਕੋਰੀਆ ਅਤੇ ਰੂਸ ਨਾਲ ਰੱਖਿਆ ਸਮਝੌਤੇ ਕਰਨ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਸੈਨਿਕਸ ਐਕਟ (ਸੀਏਏਟੀਐਸਏ) ਅਮਰੀਕਾ ਵਿੱਚ ਲਾਗੂ ਹੋਇਆ ਸੀ। ਅਮਰੀਕੀ ਸੀਨੇਟਰਾਂ ਦੇ ਇੱਕ ਸਮੂਹ ਨੇ ਰੂਸ ਉੱਤੇ ਪਾਬੰਦੀਆਂ ਲਗਾਉਂਦਿਆਂ ਕਿਹਾ ਕਿ ਮਾਸਕੋ ਨੇ ਯੂਕਰੇਨ ਅਤੇ ਸੀਰੀਆ ਦੀਆਂ ਲੜਾਈਆਂ ਅਤੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਇਸ ਦੀ ਕਥਿਤ ਦਖਲਅੰਦਾਜ਼ੀ ਵਿੱਚ ਨਿਰੰਤਰ ਹਿੱਸਾ ਲਿਆ ਸੀ।
ਟਰੰਪ ਪ੍ਰਸ਼ਾਸਨ ਦੀਆਂ ਅਮਰੀਕੀ ਪਾਬੰਦੀਆਂ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ, ਭਾਰਤ ਨੇ ਅਕਤੂਬਰ 2018 ਵਿਚ ਐਸ- 400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੀਆਂ ਪੰਜ ਇਕਾਈਆਂ ਖਰੀਦਣ ਲਈ ਰੂਸ ਨਾਲ ਪੰਜ ਅਰਬ ਡਾਲਰ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।
15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਇਸ ਲਈ, ਭਾਰਤ ਫੌਜ ਨੂੰ ਮਜ਼ਬੂਤ ਕਰਨ ਲਈ ਐਸ- 400 ਦੀ ਜਲਦੀ ਸਪਲਾਈ ਚਾਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਚੀਨ ਪਹਿਲਾਂ ਹੀ ਰੂਸ ਤੋਂ ਇਹ ਮਿਜ਼ਾਈਲ ਸਪਲਾਈ ਕਰਵਾ ਚੁੱਕਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ 'ਤੇ ਤਣਾਅ ਦੇ ਬਾਵਜੂਦ ਰਾਜਨਾਥ ਸਿੰਘ ਨੇ ਆਪਣੀ ਰੂਸ ਯਾਤਰਾ ਮੁਲਤਵੀ ਨਹੀਂ ਕੀਤੀ ਕਿਉਂਕਿ ਭਾਰਤ ਨੇ ਰੂਸ ਨਾਲ ਦਹਾਕਿਆਂ ਪੁਰਾਣੇ ਸੈਨਿਕ ਸਬੰਧ ਹਨ। ਉਨ੍ਹਾਂ ਕਿਹਾ ਕਿ ਰਾਜਨਾਥ ਸਿੰਘ, ਰੂਸ ਦੇ ਸੈਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਐਸ- 400 ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਸਮੇਂ ਸਿਰ ਉਪਲੱਬਧ ਕਰਾਉਣ ਦੀ ਅਪੀਲ ਕਰ ਸਕਦੇ ਹਨ।
ਰਿਪੋਰਟਾਂ ਮੁਤਾਬਕ ਚੀਨ ਪਹਿਲਾਂ ਹੀ ਰੂਸ ਤੋਂ ਐਸ- 400 ਮਿਜ਼ਾਈਲ ਪ੍ਰਣਾਲੀ ਹਾਸਲ ਕਰ ਚੁੱਕਾ ਹੈ। ਇਸ ਕਾਰਨ ਇਹ ਭਾਰਤ ਲਈ ਚਿੰਤਾ ਬਣਿਆ ਹੋਇਆ ਹੈ। ਚੀਨ ਦੀ ਸਰਹੱਦ ਨਾਲ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਦੀ ਪਹਿਲ ਐਸ- 400 ਦੀ ਸਪਲਾਈ ਹੋਵੇਗੀ। ਰਾਜਨਾਥ ਸਿੰਘ ਰੂਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀ ਜਰਮਨੀ ਉੱਤੇ ਸੋਵੀਅਤ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਮੌਕੇ 24 ਜੂਨ ਨੂੰ ਮਾਸਕੋ ਵਿੱਚ ਆਯੋਜਿਤ ਵਿਸ਼ਾਲ ਸੈਨਿਕ ਪਰੇਡ ਵਿਚ ਸ਼ਾਮਲ ਹੋਣਗੇ।
ਰਾਜਨਾਥ ਸਿੰਘ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਰੂਸੀਆਂ ਨੂੰ ਭਾਰਤ ਨੂੰ ਤਰਜੀਹ ਦੇਣ ਦੀ ਬੇਨਤੀ ਕਰਨਗੇ 2021 ਤੱਕ ਐਸ- 400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀਆਂ ਦੋ ਯੂਨਿਟ ਸਪਲਾਈ ਕਰਨ ਦੀ ਬੇਨਤੀ ਕਰ ਸਕਦੇ ਹਨ। ਭਾਰਤ ਨੇ ਪਿਛਲੇ ਸਾਲ ਮਿਜ਼ਾਈਲ ਪ੍ਰਣਾਲੀ ਲਈ ਰੂਸ ਨੂੰ ਤਕਰੀਬਨ 80 ਕਰੋੜ ਡਾਲਰ ਦੀ ਪਹਿਲੀ ਕਿਸ਼ਤ ਅਦਾ ਕੀਤੀ ਸੀ।