ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਵਿਚਾਲੇ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਲੋਕ ਸਭਾ ਵਿੱਚ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਤਣਾਅ ਦੀ ਸਥਿਤੀ ਨੂੰ ਲੈ ਕੇ ਬਿਆਨ ਦੇ ਸਕਦੇ ਹਨ।
ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਸਿਖਰ ਉੱਤੇ ਹੈ। ਹਾਲ ਹੀ ਵਿੱਚ ਦੋਵਾਂ ਦੇਸ਼ਾਂ ਨੇ ਟਕਰਾਅ ਦੌਰਾਨ ਇੱਕ ਦੂਜੇ ਉੱਤੇ ਹਵਾ ਵਿੱਚ ਫਾਇਰ ਕਰਨ ਦਾ ਦੋਸ਼ ਲਾਇਆ ਸੀ। ਇਹ ਐਲਏਸੀ 'ਤੇ 45 ਸਾਲਾਂ ਬਾਅਦ ਹੋਇਆ ਹੈ ਜਦੋਂ ਕਿਸੇ ਵੀ ਪਾਸਿਓਂ ਗੋਲੀਆਂ ਚਲਾਈਆਂ ਗਈਆਂ ਹਨ।
ਭਾਰਤੀ ਫ਼ੌਜ ਨੇ ਕਿਹਾ ਸੀ ਕਿ ਚੀਨੀ ਫੌਜ ਨੇ 7 ਸਤੰਬਰ ਦੀ ਸ਼ਾਮ ਨੂੰ ਪੈਂਗੌਂਗ ਝੀਲ ਦੇ ਦੱਖਣੀ ਕੰਢੇ ਨੇੜੇ ਭਾਰਤੀ ਮੋਰਚੇ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕੀਤੀ ਅਤੇ ਹਵਾਈ ਫਾਇਰ ਵੀ ਕੀਤੇ। ਇਸ ਤੋਂ ਪਹਿਲਾਂ ਪੀਐਲਏ ਨੇ ਦੋਸ਼ ਲਾਇਆ ਸੀ ਕਿ ਭਾਰਤੀ ਸੈਨਿਕਾਂ ਨੇ ਐਲਏਸੀ ਨੂੰ ਪਾਰ ਕੀਤਾ ਅਤੇ ਪੈਂਗੌਂਗ ਝੀਲ ਦੇ ਨੇੜੇ ਚੇਤਾਵਨੀ ਦਿੱਤੀ।
ਪਿਛਲੇ ਹਫਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸਰਹੱਦ ਦੇ ਹਾਲਾਤ ਬਹੁਤ ਗੰਭੀਰ ਹਨ ਅਤੇ ਕਿਹਾ ਕਿ ਰਾਜਨੀਤਿਕ ਪੱਧਰ 'ਤੇ ਬਹੁਤ ਡੂੰਘੇ ਵਿਚਾਰ ਵਟਾਂਦਰੇ ਦੀ ਲੋੜ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਮਾਸਕੋ ਵਿੱਚ ਰਾਜਨਾਥ ਸਿੰਘ ਨੇ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨਾਲ ਮੁਲਾਕਾਤ ਕੀਤੀ ਸੀ।