ਨਵੀਂ ਦਿੱਲੀ: ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਨਵੇਂ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਅਸ਼ੋਕ ਲਵਾਸਾ ਦੀ ਥਾਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਲਵਾਸਾ ਨੇ ਬੀਤੀ 18 ਅਗਸਤ ਨੂੰ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਰਾਜੀਵ ਕੁਮਾਰ 1984 ਬੈਚ ਦੇ ਝਾਰਖੰਡ ਕੈਡਰ ਦੇ ਆਈਏਐਸ ਅਧਿਕਾਰੀ ਹਨ। ਬੀਤੇ ਦਿਨੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜੀਵ ਕੁਮਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ ਸੀ। ਉਹ 2024 ਵਿੱਚ ਅਗਲੀਆਂ ਲੋਕ ਸਭਾ ਚੋਣਾਂ ਦੀ ਨਿਗਰਾਨੀ ਕਰਨਗੇ।
ਨਿਯਮਾਂ ਦੇ ਅਨੁਸਾਰ, ਇੱਕ ਚੋਣ ਕਮਿਸ਼ਨਰ ਅਹੁਦੇ ਉੱਤੇ 6 ਸਾਲ ਜਾਂ 65 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਹੋਵੇ, ਰਹਿ ਸਕਦਾ ਹੈ। ਕੁਮਾਰ ਦਾ ਜਨਮ ਫਰਵਰੀ 1960 ਵਿੱਚ ਹੋਇਆ ਸੀ।
36 ਸਾਲਾਂ ਤੋਂ ਵੱਧ ਦੀ ਸੇਵਾ ਦੌਰਾਨ, ਕੁਮਾਰ ਨੇ ਕੇਂਦਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਇਸ ਤੋਂ ਪਹਿਲਾਂ ਬਿਹਾਰ ਅਤੇ ਫਿਰ ਝਾਰਖੰਡ ਦੇ ਆਪਣੇ ਸਟੇਟ ਕੈਡਰ ਵਿੱਚ ਕੰਮ ਕੀਤਾ ਹੈ। ਉਹ ਇਸ ਸਾਲ ਫਰਵਰੀ ਵਿੱਚ ਯੂਨੀਅਨ ਵਿੱਤ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ 29 ਅਪ੍ਰੈਲ ਨੂੰ ਉਨ੍ਹਾਂ ਨੂੰ ਪਬਲਿਕ ਐਂਟਰਪ੍ਰਾਈਜ਼ਜ਼ ਸਿਲੈਕਸ਼ਨ ਬੋਰਡ (ਪੀਈਐਸਬੀ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।