ਜੈਪੁਰ: ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ‘ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਅਜਿਹੇ ਇਲਜਾਮਾਂ ਨਾਲ ਮੈਂ ਉਦਾਸ ਹਾਂ, ਪਰ ਹੈਰਾਨ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦਰਅਸਲ ਇਹ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।
ਕਾਂਗਰਸ ਵਿਧਾਇਕ ਵੱਲੋਂ ਲਗਾਏ ਗਏ ਰਿਸ਼ਵਤ ਦੇ ਇਲਜ਼ਾਮਾਂ ‘ਤੇ ਪਾਇਲਟ ਨੇ ਕਿਹਾ ਕਿ ਉਹ ਵਿਧਾਇਕ ਦੇ ਖ਼ਿਲਾਫ਼ ਉਚਿਤ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਸ਼ਵਾਸਾਂ ‘ਤੇ ਕਾਇਮ ਹਾਂ, ਮੇਰੇ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਗਹਿਲੋਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਅਸੀਂ ਪਾਇਲਟ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਉਹ ਕਾਂਗਰਸ ਨੂੰ ਬਹਿਤਰ ਬਣਾਉਣ ਦਾ ਕੰਮ ਕਰਨਗੇ, ਪਰ ਉਨ੍ਹਾਂ ਨੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਹੈ ਤੇ ਉਨ੍ਹਾਂ ਦਾ ਅਸਲੀ ਚਰਿੱਤਰ ਸਾਹਮਣੇ ਆ ਗਿਆ ਹੈ।
ਗਹਿਲੋਤ ਨੇ ਕਿਹਾ ਕਿ ਸਚਿਨ ਨੂੰ ਛੋਟੀ ਉਮਰ ‘ਚ ਹੀ ਸਭ ਕੁਝ ਮਿਲ ਗਿਆ ਸੀ, ਅਸੀਂ ਕਦੇ ਉਨ੍ਹਾਂ ‘ਤੇ ਸਵਾਲ ਨਹੀਂ ਚੁੱਕਿਆ, 7 ਸਾਲਾਂ ਅੰਦਰ ਰਾਜਸਥਾਨ ਹੀ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਪ੍ਰਧਾਨ ਨੂੰ ਬਦਲਣ ਦੀ ਮੰਗ ਨਹੀਂ ਕੀਤੀ ਗਈ।
ਗਹਿਲੋਤ ਨੇ ਕਿਹਾ ਕਿ ਉਨ੍ਹਾਂ ਆਗੂਆਂ ਦੇ ਘਰ ਹੀ ਛਾਪੇ ਮਾਰੇ ਗਏ ਜੋ ਮੇਰੇ ਕਰੀਬੀ ਸਨ, ਮੈਨੂੰ ਪਹਿਲਾਂ ਹੀ ਇਸਦੀ ਜਾਣਕਾਰੀ ਮਿਲ ਗਈ ਸੀ। ਦੇਸ਼ ‘ਚ ਗੁੰਡਾਗਰਦੀ ਹੋ ਰਹੀ ਹੈ, ਕਾਂਗਰਸ ਵਿਧਾਇਕਾਂ ਦੇ ਮੋਬਾਈਲ ਖੋਹ ਲਏ ਗਏ, ਉਨ੍ਹਾਂ ਨੂੰ ਬੰਦੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਖ਼ਤਮ ਕਰਨ ਲਈ ਚੁੱਕੇ ਗਏ ਕਦਮ ਭਾਜਪਾ ਲਈ ਆਤਮਘਾਤੀ ਸਾਬਤ ਹੋਣਗੇ।