ਜੈਪੁਰ: ਸਚਿਨ ਪਾਇਲਟ ਵੱਲੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਬਗਾਵਤ ਸ਼ੁਰੂ ਹੋਣ ਤੋਂ ਬਾਅਦ ਜੈਪੁਰ ਦੇ ਨੇੜੇ ਇੱਕ ਹੋਟਲ ਵਿੱਚ ਠਹਿਰੇ ਰਾਜਸਥਾਨ ਕਾਂਗਰਸ ਵਿਧਾਇਕ ਅੱਜ ਵਿਸ਼ੇਸ਼ ਜਹਾਜ਼ ਰਾਹੀਂ ਜੈਸਲਮੇਰ ਜਾਣਗੇ।
ਜੈਪੁਰ ਦੇ ਹੋਟਲ ਫੇਅਰਮਾਉਂਟ ਤੋਂ ਬੱਸਾਂ ‘ਚ ਬੈਠ ਕੇ ਕਾਂਗਰਸ ਵਿਧਾਇਕ ਏਅਰਪੋਰਟ ਲਈ ਰਵਾਨਾ ਹੋ ਗਏ ਹਨ ਜਿੱਥੋਂ ਉਹ ਜੈਸਲਮੇਰ ਜਾਣਗੇ। ਕਾਂਗਰਸ ਦੇ ਇਹ ਵਿਧਾਇਕ 3 ਚਾਰਟਰ ਪਲੇਨਾਂ ਰਾਹੀਂ ਜੈਸਲਮੇਰ ਲਈ ਰਵਾਨਾ ਹੋਣਗੇ।
ਗਹਿਲੋਤ ਖੇਮੇ ਦੇ ਵਿਧਾਇਕ ਜੈਸਲਮੇਰ ਹੋਣਗੇ ਸ਼ਿਫਟ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਦਾਅਵਾ ਹੈ ਕਿ 14 ਅਗਸਤ ਨੂੰ ਰਾਜਸਥਾਨ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਬਹੁਮਤ ਸਾਬਤ ਕਰ ਦੇਣਗੇ। ਮੁੱਖ ਮੰਤਰੀ ਸੈਸ਼ਨ ਵਿਚ ਭਰੋਸੇ ਦੀ ਵੋਟ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਨੂੰ ਰਾਜਪਾਲ ਕਲਰਾਜ ਮਿਸ਼ਰਾ ਨੇ ਕਈ ਪ੍ਰਸਤਾਵਾਂ ਨੂੰ ਰੱਦ ਕਰਨ ਤੋਂ ਬਾਅਦ ਬੁਲਾਇਆ ਹੈ, ਪਰ ਨਾ ਹੀ ਅਸ਼ੋਕ ਗਹਿਲੋਤ ਅਤੇ ਨਾ ਹੀ ਕਾਂਗਰਸ ਨੇ ਅਧਿਕਾਰਕ ਤੌਰ 'ਤੇ ਬਹੁਮਤ ਦੀ ਪਰਖ ਦਾ ਸੁਝਾਅ ਦਿੱਤਾ ਹੈ, ਹਾਲਾਂਕਿ ਇਹ ਉਨ੍ਹਾਂ ਬਾਗੀਆਂ ਨਾਲ ਨਜਿੱਠਣ ਦੀ ਕੇਂਦਰੀ ਰਣਨੀਤੀ ਹੈ, ਜੋ ਸਰਕਾਰ ਗਿਰਾਉਣ ਦੀ ਧਮਕੀ ਦੇ ਰਹੇ ਹਨ।
ਵੀਰਵਾਰ ਨੂੰ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਵਿਧਾਇਕਾਂ ਦੀ ਖਰੀਦ ਦੇ ਰੇਟ ਵੱਧ ਗਏ ਹਨ। ਮੁੱਖ ਮੰਤਰੀ ਨੂੰ ਵਿਸ਼ਵਾਸ ਹੈ ਕਿ ਉਹ ਇਸ ਸਮੇਂ ਭਰੋਸੇ ਦੀ ਵੋਟ ਜਿੱਤ ਸਕਦੇ ਹਨ, ਪਰ 200 ਮੈਂਬਰੀ ਵਿਧਾਨ ਸਭਾ ਵਿਚ 101 ਦੇ ਬਹੁਮਤ ਦੇ ਅੰਕ ਨਾਲੋਂ ਸਿਰਫ 1 ਵਿਧਾਇਕ ਹੀ ਵੱਧ ਹੈ।
ਉਧਰ ਬਾਗ਼ੀ ਧੜੇ ਦਾ ਕਹਿਣਾ ਹੈ ਕਿ ਘੱਟੋ ਘੱਟ 30 ਵਿਧਾਇਕ ਉਨ੍ਹਾਂ ਦੇ ਪੱਖ ਵਿੱਚ ਹਨ। ਹੁਣ ਤੱਕ ਸਚਿਨ ਪਾਇਲਟ ਸਣੇ ਸਿਰਫ 19 ਲੋਕਾਂ ਨੇ ਇਸ ਨੂੰ ਅਧਿਕਾਰਕ ਤੌਰ ‘ਤੇ ਦੱਸਿਆ ਹੈ। ਬਸਪਾ ਦੇ 6 ਵਿਧਾਇਕਾਂ ਨੂੰ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ ਹੈ ਜਿਸ ਨਾਲ ਗਹਿਲੋਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।