ਜੈਪੁਰ: ਰਾਜਸਥਾਨ ਵਿੱਚ ਚੱਲ ਰਹੇ ਰਾਜਨੀਤਿਕ ਸੰਕਟ ਦੇ ਵਿਚਕਾਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ ਤੱਕ ਹੋਟਲ ਫੇਅਰਮਾਉਂਟ ਵਿੱਚ ਰਹਿਣ ਲਈ ਕਿਹਾ ਹੈ। ਸੀ.ਐਮ. ਗਹਿਲੋਤ ਨੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਏਕਤਾ ਹੀ ਸਾਡੀ ਜਿੱਤ ਦਾ ਅਧਾਰ ਹੈ।
ਦੱਸ ਦੇਈਏ ਕਿ ਪਿਛਲੀ ਵਿਧਾਇਕ ਦਲ ਦੀ ਬੈਠਕ ਵਿੱਚ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਚਾਹੇ 21 ਦਿਨ ਜਾਂ 31 ਦਿਨ ਦੀ ਗੱਲ ਹੋਵੇ, ਉਹ ਉਦੋਂ ਤੱਕ ਇੱਥੇ ਰਹਿਣਗੇ ਜਦੋਂ ਤੱਕ ਸਰਕਾਰ ਤੋਂ ਖਤਰਾ ਨਹੀਂ ਟੱਲ ਜਾਂਦਾ। ਸੀਐਮ ਅਸ਼ੋਕ ਗਹਿਲੋਤ ਨੇ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਸੰਗਠਨ ਦੇ ਪੁਨਰਗਠਨ ਲਈ ਹੋਟਲ ਫੇਅਰਮਾਉਂਟ ਵਿਖੇ ਹੀ ਸੂਬਾ ਪ੍ਰਧਾਨ ਨੂੰ ਨਾਮ ਦੇ ਦੇਣ, ਤਾਂ ਜੋ ਸੰਸਥਾ ਵਿੱਚ ਨਿਯੁਕਤੀਆਂ ਦਾ ਕੰਮ ਵੀ ਚੱਲ ਸਕੇ।
ਵਿਧਾਇਕ ਹੋਟਲ ਵਿੱਚ ਹੀ ਮਨਾਉਣਗੇ ਤਿਉਹਾਰ
ਸੀਐਮ ਅਸ਼ੋਕ ਗਹਿਲੋਤ ਨੇ ਸਾਰੇ ਵਿਧਾਇਕਾਂ ਨੂੰ 14 ਅਗਸਤ ਤੱਕ ਹੋਟਲ ਫੇਅਰਮਾਉਂਟ ਵਿਖੇ ਰਹਿਣ ਲਈ ਕਿਹਾ ਹੈ। ਅਜਿਹੀ ਸਥਿਤੀ ਵਿੱਚ ਵਿਧਾਇਕਾਂ ਨੂੰ ਹੁਣ 1 ਅਗਸਤ ਨੂੰ ਈਦ, 3 ਅਗਸਤ ਨੂੰ ਰੱਖੜੀ ਅਤੇ 12 ਅਗਸਤ ਨੂੰ ਜਨਮ ਅਸ਼ਟਮੀ ਹੋਟਲ ਫੇਅਰਮਾਉਂਟ ਵਿਖੇ ਮਨਾਉਣੀ ਹੋਵੇਗੀ। ਇਸ ਦੇ ਨਾਲ ਹੀ ਵਿਧਾਇਕਾਂ ਲਈ ਇਹ ਰਿਆਇਤ ਵੀ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ ਨੂੰ ਇਥੇ ਲਿਆ ਸਕਣ। ਤੁਹਾਨੂੰ ਦੱਸ ਦੇਈਏ ਕਿ ਅਜੇ ਵੀ 70 ਦੇ ਕਰੀਬ ਵਿਧਾਇਕ ਹਨ, ਜਿਨ੍ਹਾਂ ਦੇ ਪਰਿਵਾਰ ਹੋਟਲ ਫੇਅਰਮਾਉਂਟ ਦਾ ਦੌਰਾ ਕਰਦੇ ਰਹਿੰਦੇ ਹਨ। ਨਾਲ ਹੀ, 20 ਤੋਂ ਵੱਧ ਅਜਿਹੇ ਵਿਧਾਇਕ ਹਨ ਜਿਨ੍ਹਾਂ ਦੇ ਪਰਿਵਾਰ ਹੋਟਲ ਫੇਅਰਮਾਉਂਟ ਵਿਖੇ ਰਹਿ ਰਹੇ ਹਨ।