ਜੈਪੁਰ: ਰਾਜਸਥਾਨ ਹਾਈਕੋਰਟ ਨੇ ਰਜਿੰਦਰ ਮਿਰਘਾ ਅਗਵਾ ਕਾਂਡ ਦੇ ਦੋਸ਼ੀ ਹਰਨੇਕ ਸਿੰਘ ਨੂੰ ਕੋਰੋਨਾ ਵਾਇਰਸ ਦੇ ਕਾਰਨ 28 ਦਿਨਾਂ ਦੀ ਪੈਰੋਲ ਉੱਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਜੱਜ ਇੰਦਰਜੀਤ ਮਹਾਂਤੀ ਅਤੇ ਜੱਜ ਸਤੀਸ਼ ਕੁਮਾਰ ਸ਼ਰਮਾ ਦੀ ਬੈਂਚ ਨੇ ਇਹ ਹੁਕਮ ਹਰਨੇਕ ਸਿੰਘ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਦਿੱਤੇ ਹਨ।
ਅਦਾਲਤ ਨੇ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਕਿ ਪਹਿਲਾਂ ਪੈਰੋਲ ਸਵੀਕਾਰ ਕਰਨ ਤੋਂ ਬਾਅਦ ਉਸ ਨੂੰ ਪੈਰੋਲ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਦਕਿ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ। ਅਜਿਹੇ ਵਿੱਚ ਪਟੀਸ਼ਨਕਰਤਾ ਨੂੰ ਵੀ ਹੋਰ 147 ਕੈਦੀਆਂ ਦੇ ਨਾਲ ਪੈਰੋਲ ਉੱਤੇ ਰਿਹਾਅ ਕੀਤਾ ਜਾਵੇਗਾ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਹ 25 ਅਪ੍ਰੈਲ 2020 ਤੱਕ 13 ਸਾਲ 7 ਮਹੀਨੇ ਅਤੇ 29 ਦਿਨ ਦੀ ਸਜ਼ਾ ਭੁਗਤ ਚੁੱਕਿਆ ਹੈ। ਉਸ ਨੂੰ ਪਹਿਲੀ ਪੈਰੋਲ 3 ਅਗਸਤ 2019 ਤੋਂ 22 ਅਗਸਤ 2019 ਤੱਕ ਮਿਲੀ ਸੀ ਅਤੇ ਉਸ ਨੇ ਸਮੇਂ ਉੱਤੇ ਜੇਲ੍ਹ ਵਿੱਚ ਵਾਪਸੀ ਵੀ ਕੀਤੀ ਸੀ।