ਨਵੀਂ ਦਿੱਲੀ: ਭਾਰਤ ਦੇ ਮੈਦਾਨੀ ਇਲਾਕਿਆਂ 'ਚ ਮਾਨਸੂਨ ਨੇ ਅਪਣੀ ਰਫ਼ਤਾਰ ਤੇਜ਼ ਕਰ ਲਈ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ-ਕੇਂਦਰੀ ਅਤੇ ਬੰਗਾਲ ਦੀ ਖਾੜੀ ਉੱਤੇ ਚੱਕਰਵਾਤੀ ਚੱਕਰ ਚਲ ਰਿਹਾ ਹੈ। ਇਸ ਕਾਰਨ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (ਆਈਐਮਡੀ) ਦਾ ਅਨੁਮਾਨ ਹੈ ਕਿ ਅਗਲੇ 4-5 ਦਿਨਾਂ 'ਚ ਕੇਂਦਰੀ ਅਤੇ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ।
ਮੁੰਬਈ 'ਚ ਪਏ ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਪਾਣੀ ਭਰਿਆ
ਮੁੰਬਈ 'ਚ 48 ਘੰਟਿਆਂ ਤੋਂ ਪਏ ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ 10 ਅਜਿਹੇ ਖੇਤਰ ਹਨ, ਜਿਥੇ ਪਾਣੀ ਭਰ ਗਿਆ ਹੈ। ਇਸ ਕਾਰਨ ਕਈ ਰੂਟਾਂ 'ਤੇ ਆਵਾਜਈ ਵੀ ਕਾਫ਼ੀ ਪ੍ਰਭਾਵਿਤ ਹੋਈ, ਮੀਂਹ ਤੋਂ ਬਾਅਦ ਸੜਕ 'ਤੇ ਪਾਣੀ ਭਰਨ ਕਾਰਨ ਕਈ ਵਾਹਨ ਅੱਧ ਵਿਚਕਾਰ ਖੜ੍ਹ ਗਏ ਸਨ। ਸੀਯਨ 'ਚ ਸਿਰਫ਼ ਪੁਲਿਸ ਚੌਕੀ ਡੁੱਬ ਗਈ ਸੀ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਮੁੰਬਈ ਵਿੱਚ ਕਰੀਬ 82 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਸੀ।
ਬਿਹਾਰ 'ਚ ਪਏ ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਪਾਣੀ ਭਰਿਆ
ਬਿਹਾਰ ਵਿੱਚ ਵੀ ਮੀਂਹ ਤੋਂ ਬਾਅਦ ਪਟਨਾ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਵੀਆਈਪੀ ਰੋਡ ਹੋਵੇ ਜਾਂ ਆਮ ਸੜਕ, ਸਾਰਿਆਂ ਵਿੱਚ ਪਾਣੀ ਭਰਿਆ ਹੋਇਆ ਸੀ। ਬਿਹਾਰ ਵਿਚ ਸੜਕਾਂ 'ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਿਹਾਰ ਦੇ ਪੰਜ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਤੇਜ਼ ਮੀਂਹ ਦੇ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਸੀ। ਮੌਸਮ ਵਿਭਾਗ ਨੇ ਪਟਨਾ, ਭੋਜਪੁਰ, ਵੈਸ਼ਾਲੀ, ਨਾਲੰਦਾ ਸਮੇਤ ਇਕ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿਚ ਬਿਜਲੀ ਦੇ ਬਾਰੇ ਅਲਰਟ ਜਾਰੀ ਕੀਤਾ ਹੈ।