ਨਵੀਂ ਦਿੱਲੀ: ਭਾਰਤੀ ਰੇਲਵੇ ਨੇ 12 ਮਈ ਤੋਂ ਪੈਸੇਂਜਰ ਟ੍ਰੇਨ ਦੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਸ਼ੁਰੂਆਤ ਵਿੱਚ 15 ਜੋੜੀ ਰੇਲ ਗੱਡੀਆਂ ਚਲਾਈ ਜਾ ਸਕਦੀਆਂ ਹਨ। ਇਹ ਸਾਰੀਆਂ ਸਪੇਸ਼ਲ ਟ੍ਰੇਨਾਂ ਹੋਣਗੀਆਂ ਜਿਨ੍ਹਾਂ ਨੂੰ ਨਵੀਂ ਦਿੱਲੀ ਤੋਂ ਦੇਸ਼ ਦੇ ਵੱਖ-ਵੱਖ 15 ਹਿੱਸਿਆਂ ਲਈ ਚਲਾਇਆ ਜਾਵੇਗਾ।
ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਦਿੱਲੀ ਤੋਂ 15 ਸ਼ਹਿਰਾਂ ਲਈ ਟ੍ਰੇਨਾਂ ਚਲਣਗੀਆਂ।
ਪਿਊਸ਼ ਗੋਇਲ ਨੇ ਟਵੀਟ 'ਚ ਲਿਖਿਆ, "ਰੇਲਵੇ ਵਾਰੀ-ਵਾਰੀ ਪੈਸੇਂਜਰ ਟ੍ਰੇਨਾਂ ਚਲਾਉਣ ਬਾਰੇ ਸੋਚ ਰਿਹਾ ਹੈ। ਇਸ ਨੂੰ 12 ਮਈ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਸ਼ੁਰੂ 'ਚ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ। ਇਹ ਟ੍ਰੇਨਾਂ ਨਵੀਂ ਦਿੱਲੀ ਤੋਂ ਸ਼ੁਰੂ ਹੋਣਗੀਆਂ ਅਤੇ ਦੇਸ਼ ਦੇ ਵੱਖ-ਵੱਖ ਸਟੇਸ਼ਨਾਂ ਤੱਕ ਜਾਣਗੀਆਂ। ਸਪੈਸ਼ਲ ਟ੍ਰੇਨਾਂ ਦੀ ਬੁਕਿੰਗ 11 ਮਈ ਦਿਨ ਸੋਮਵਾਰ ਤੋਂ 4 ਵਜੇ ਸ਼ਾਮ ਤੋਂ ਸ਼ੁਰੂ ਹੋਵੇਗੀ।"
ਇਹ ਰੇਲ ਗੱਡੀਆਂ ਨਵੀਂ ਦਿੱਲੀ ਸਟੇਸ਼ਨ ਤੋਂ ਡਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ, ਚੇਨਈ, ਤਿਰੂਵਨੰਤਪੁਰਮ, ਮਡਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਨੂੰ ਜੋੜਨ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਵਜੋਂ ਚਲਾਈਆਂ ਜਾਣਗੀਆਂ।