ਰਾਏਗੜ੍ਹ: ਮਹਾਰਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਇਮਾਰਤ ਢਹਿਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 17 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਐਨਡੀਆਰਐਫ ਦੀ ਟੀਮ ਘਟਨਾ ਵਾਲੀ ਥਾਂ ਉੱਤੇ ਮੌਜੂਦ ਹੈ ਅਤੇ ਬਚਾਅ ਕਾਰਜ ਜਾਰੀ ਹੈ।
ਜਾਣਕਾਰੀ ਮੁਤਾਬਕ 25 ਲੋਕਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ ਜੋ ਕਿ ਹਸਪਤਾਲ ਜ਼ੇਰੇ ਇਲਾਜ ਹਨ ਅਤੇ ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਟਵੀਟ ਕਰਕੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੱਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਦਿਆਂ ਲਿਖਿਆ, "ਮਹਾਰਾਸ਼ਟਰ ਦੇ ਰਾਏਗੜ੍ਹ 'ਚ ਇੱਕ ਇਮਾਰਤ ਦਾ ਢਹਿਣਾ ਬਹੁਤ ਦੁਖਦ ਹੈ। ਐਨਡੀਆਰਐਫ ਦੇ ਡਾਇਰੈਕਟਰ ਜਨਰਲ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਸਾਰਿਆਂ ਦੀ ਸੁਰੱਖਿਆ ਦੀ ਕਾਮਨਾ ਕਰਦੇ ਹਾਂ।"
ਜਾਣਕਾਰੀ ਮੁਤਾਬਕ ਇਹ ਇਮਾਰਤ ਲਗਭਗ 10 ਸਾਲ ਪੁਰਾਣੀ ਸੀ। ਇਸ ਵਿਚ 45 ਤੋਂ 47 ਫਲੈਟ ਸਨ। ਦੱਸਿਆ ਜਾ ਰਿਹਾ ਹੈ ਕਿ ਉਪਰਲੀ ਮੰਜ਼ਲ ਦੀਆਂ ਪਹਿਲੀਆਂ ਤਿੰਨ ਮੰਜ਼ਿਲਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਪੂਰੀ ਇਮਾਰਤ ਢਹਿ ਗਈ।
ਫਿਲਹਾਲ ਸਥਾਨਕ ਅਧਿਕਾਰੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਰੇਕ ਫਲੈਟ ਵਿੱਚ ਕਿੰਨੇ ਲੋਕ ਮੌਜੂਦ ਸਨ। ਇਸ ਦੇ ਲਈ ਇੱਕ ਸੂਚੀ ਬਣਾਈ ਜਾ ਰਹੀ ਹੈ।