ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਮੀਡੀਆ ਰਿਪੋਰਟਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਇੱਕ ਭਾਜਪਾ ਵਿਧਾਇਕ ਅਤੇ ਉਸ ਦਾ ਮੁੰਡਾ ਇੱਕ ਔਰਤ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿਚੋਂ ਲੈ ਗਿਆ। ਕਾਂਗਰਸ ਨੇ ਇਸ ਨੂੰ ਸੂਬਾ ਸਰਕਾਰ ਦੇ ਅਪਰਾਧ ਬਚਾਓ ਮਿਸ਼ਨ ਦੇ ਤਹਿਤ ਕੀਤਾ ਗਿਆ ਕਾਰਜ ਕਰਾਰ ਦਿੱਤਾ ਹੈ।
ਰਾਹੁਲ ਤੇ ਪ੍ਰਿਯੰਕਾ ਨੇ ਸੂਬਾ ਸਰਕਾਰ ਵਿਰੁੱਧ ਟਵੀਟ ਕੀਤਾ ਤੇ ਨਾਲ ਹੀ ਮੀਡੀਆ ਦੀ ਉਨ੍ਹਾਂ ਰਿਪੋਰਟਾਂ ਨੂੰ ਵੀ ਟੈਗ ਕੀਤਾ। ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਵਿਧਾਇਕ, ਉਸ ਦਾ ਮੁੰਡਾ ਤੇ ਉਨ੍ਹਾਂ ਦੇ ਸਮਰਥਕ ਇੱਕ ਮਹਿਲਾ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਸ਼ਨੀਵਾਰ ਨੂੰ ਪੁਲਿਸ ਹਿਰਾਸਤ ਤੋਂ ਲੈ ਗਏ।