ਨਵੀਂ ਦਿੱਲੀ: ਦਿੱਲੀ ਤੋਂ ਹਾਥਰਸ ਜਾਣ ਲਈ ਰਾਹੁਲ ਗਾਂਧੀ ਰਵਾਨਾ ਹੋਏ ਹਨ ਜਿਸ ਤੋਂ ਬਾਅਦ ਰਾਹੁਲ ਤੇ ਪ੍ਰਿਅੰਕਾ ਵਾਡਰਾ ਸਮੇਤ 5 ਵਿਅਕਤੀਆਂ ਨੂੰ ਹਾਥਰਸ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।ਰਾਹੁਲ ਦੀ ਕਾਰ ਉਨ੍ਹਾਂ ਦੀ ਭੈਣ ਪ੍ਰਿਅੰਕਾ ਖੁਦ ਚਲਾ ਕੇ ਡੀਐਨਡੀ ਪਹੁੰਚੀ। ਜਿਸ ਤੋਂ ਬਾਅਦ ਡੀਐਨਡੀ ਵਿੱਚ ਭਾਰੀ ਜਾਮ ਲੱਗ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਨਾਲ 35 ਸੰਸਦ ਮੈਂਬਰਾਂ ਦਾ ਵਫ਼ਦ ਜਾ ਰਿਹਾ ਹੈ, ਪਰ ਉਨ੍ਹਾਂ ਵਿੱਚੋਂ ਸਿਰਫ਼ 5 ਵਿਅਕਤੀਆਂ ਨੂੰ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।
ਦੱਸ ਦਈਏ ਕਿ ਰਾਹੁਲ ਗਾਂਧੀ ਨੂੰ ਹਾਥਰਸ ਜਾਣ ਤੋਂ ਰੋਕਣ ਲਈ ਡੀਆਈਜੀ ਲਾਅ ਐਂਡ ਆਰਡਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਦਿੱਲੀ-ਨੋਇਡਾ ਫਲਾਈਵੇਅ ਟੋਲ ਪਲਾਜ਼ਾ ਉੱਤੇ ਪੀਐਸਸੀ ਅਤੇ ਪੁਲਿਸ ਬਲ ਡੀਐਨਡੀ ਵਿੱਚ ਤਾਇਨਾਤ ਕੀਤੇ ਗਏ ਸਨ। ਤਾਂ ਕਿ ਕਿਸੇ ਤਰ੍ਹਾਂ ਰਾਹੁਲ ਗਾਂਧੀ ਨੂੰ ਹਥਰਾਸ ਜਾਣ ਤੋਂ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਸ ਸਬੰਧੀ ਟਵੀਟ ਕਰਦਿਆਂ ਕਿਹਾ ਸੀ ਕਿ ਦੁਨੀਆ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ ਪਰਿਵਾਰ ਨੂੰ ਮਿਲਣ ਤੋਂ ਨਹੀਂ ਰੋਕ ਸਕਦੀ।
ਪਰਿਵਾਰ ਨੇ ਨਾਰਕੋ ਟੈਸਟ ਕਰਵਾਉਣ ਤੋਂ ਕੀਤੀ ਨਾਂਹ
ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਪੁਲਿਸ ਮਹਾਨਿਰਦੇਸ਼ਕ ਹਿਤੇਸ਼ ਚੰਦਰ ਅਵਸਥੀ ਅਤੇ ਮੁੱਖ ਗ੍ਰਹਿ ਸਕੱਤਰ ਅਵਨੀਸ਼ ਕੁਮਾਰ ਅਵਸਥੀ ਹਾਥਰਸ ਵਿੱਚ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ। ਪੁਲਿਸ ਨੇ ਮੀਡੀਆ ਨੂੰ ਪੀੜਤ ਪਰਿਵਾਰ ਨਾਲ ਮਿਲਣ ਦੀ ਆਗਿਆ ਦਿੱਤੀ ਹੈ। ਪੀੜਤ ਪਰਿਵਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਨਾਰਕੋ ਟੈਸਟ ਨਹੀਂ ਕਰਵਾਉਣਗੇ।