ਚੰਡੀਗੜ੍ਹ: ਫਰਾਂਸ ਦੇ ਮੈਰੀਗ੍ਰੈਕ ਏਅਰ ਫੋਰਸ ਬੇਸ ਤੋਂ ਲੰਘੇ ਸੋਮਵਾਰ ਨੂੰ ਰਵਾਨਾ ਹੋਏ ਪੰਜ ਰਾਫੇਲ ਜਹਾਜ਼ ਅੰਬਾਲਾ ਏਅਰਫੋਰਸ ਬੇਸ ਪਹੁੰਚ ਚੁੱਕੇ ਹਨ। ਰਾਫੇਲ ਜਹਾਜ਼ਾਂ ਦੇ ਸਵਾਗਤ ਲਈ ਏਅਰ ਫੋਰਸ ਮੁਖੀ ਆਰਕੇਐਸ ਭਦੌਰੀਆ ਅੰਬਾਲਾ ਬੇਸ ਉੱਤੇ ਮੌਜੂਦ ਹਨ ਅਤੇ ਇੱਕ ਰਸਮੀ ਸਮਾਰੋਹ ਵਿੱਚ ਇਨ੍ਹਾਂ ਜਹਾਜ਼ਾਂ ਦਾ ਸਵਾਗਤ ਕੀਤਾ ਜਾਵੇਗਾ। ਰਾਫੇਲ ਜਹਾਜ਼ਾਂ ਦੇ ਅੰਬਾਲਾ ਏਅਰਬੇਸ 'ਤੇ ਟੱਚਡਾਊਨ ਦਾ ਇੱਕ ਵੀਡੀਓ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਂਝਾ ਕੀਤਾ ਹੈ।
ਫਰਾਂਸ ਤੋਂ ਆਏ ਇਹ ਲੜਾਕੂ ਜਹਾਜ਼ ਮੰਗਲਵਾਰ ਰਾਤ ਸੰਯੁਕਤ ਅਰਬ ਅਮੀਰਾਤ ਵਿੱਚ ਰੁਕੇ ਸਨ। ਇਨ੍ਹਾਂ ਜਹਾਜ਼ਾਂ ਨੂੰ 17 ਗੋਲਡਨ ਏਰੋ ਸਕੁਆਡਰਨ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਵਿੱਚ ਪਾਇਲਟ ਫਰਾਂਸ ਤੋਂ ਭਾਰਤ ਲੈ ਕੇ ਆਏ ਹਨ। ਇਨ੍ਹਾਂ ਨਾਲ 2 ਸੁਖੋਈ 30 MKIS ਜਹਾਜ਼ ਵੀ ਆਏ ਹਨ। ਵਾਟਰ ਗੰਨ ਸੈਲੂਟ ਨਾਲ ਇਨ੍ਹਾਂ ਦਾ ਸਵਾਗਤ ਕੀਤਾ ਗਿਆ।
ਅੰਬਾਲਾ ਏਅਰਬੇਸ ਦੇ ਆਲੇ ਦੁਆਲੇ ਸੁਰੱਖਿਆ ਦੇ ਮੱਦੇਨਜ਼ਰ ਧਾਰਾ 144 ਲਾਗੂ ਕੀਤੀ ਗਈ ਹੈ। ਅੰਬਾਲਾ ਪ੍ਰਸ਼ਾਸਨ ਨੇ ਸੜਕਾਂ ਨੂੰ ਸੀਲ ਕਰ ਦਿੱਤਾ ਹੈ। ਇਹ ਸਖ਼ਤੀ ਸ਼ਾਮ 5 ਵਜੇ ਤੱਕ ਰਹੇਗੀ।ਅੰਬਾਲਾ ਬੇਸ 'ਤੇ ਰਾਫੇਲ ਜਹਾਜ਼ਾਂ ਲਈ ਏਅਰਫੋਰਸ ਨੇ ਪੂਰੀ ਤਿਆਰੀ ਕਰ ਲਈ ਹੈ। ਇਸਦੇ ਲਈ ਹੀ ਰਾਫੇਲ ਬਣਾਉਣ ਵਾਲੀ ਫਰਾਂਸ ਦੀ ਕੰਪਨੀ ਦਸੌ ਨੇ 227 ਕਰੋੜ ਰੁਪਏ ਦੀ ਲਾਗਤ ਨਾਲ ਏਅਰਬੇਸ ਵਿੱਚ ਮੁੱਢਲੀਆਂ ਸਹੂਲਤਾਂ ਦਾ ਨਿਰਮਾਣ ਕੀਤਾ ਹੈ, ਜਿਸ ਵਿੱਚ ਹਵਾਈ ਜਹਾਜ਼ ਲਈ ਰਨਵੇਅ, ਪਾਰਕਿੰਗ ਲਈ ਹੈਂਗਰ ਅਤੇ ਸਿਖਲਾਈ ਲਈ ਸਿਮੂਲੇਟਰ ਸ਼ਾਮਲ ਹਨ।