ਨਵੀਂ ਦਿੱਲੀ: ਸਫ਼ਰ-ਏ-ਅਕਾਲੀ ਲਹਿਰ ਵਿੱਚ ਸ਼ਾਮਿਲ ਹੋਏ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਲਹਿਰਾਗਾਗਾ ਪਰਮਿੰਦਰ ਸਿੰਘ ਢੀਂਡਸਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਆਪਣਾ ਪੱਖ ਰੱਖਿਆ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਨੂੰ ਬਚਾਉਣ ਅਤੇ ਮੁੜ ਸੁਰਜੀਤ ਕਰਨ ਦੇ ਉਪਰਾਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਵਿੱਚੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਹੁਣ ਅਗਲੀ ਭਵਿੱਖ ਦੀ ਰਣਨੀਤੀ ਤੇ ਪੁੱਛੇ ਜਾਣ 'ਤੇ ਢੀਂਡਸਾ ਨੇ ਕਿਹਾ ਕਿ ਅਗਲੀ ਰਣਨੀਤੀ ਸਭ ਦੇ ਨਾਲ ਮਿਲ ਕੇ ਬੈਠ ਕੇ ਵਿਚਾਰ ਕਰਕੇ ਹੀ ਤੈਅ ਕੀਤੀ ਜਾਵੇਗੀ। ਇਸ ਵੇਲੇ ਅਕਾਲੀ ਦਲ ਦੇ ਕਈ ਨੇਤਾ ਉਨ੍ਹਾਂ ਨਾਲ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਛੱਡ ਕੇ ਉਨ੍ਹਾਂ ਨਾਲ ਸ਼ਾਮਿਲ ਹੋਣਗੇ।
ਹਾਲਾਂਕਿ ਪਰਮਿੰਦਰ ਢੀਂਡਸਾ ਨੇ ਕਿਸੇ ਦਾ ਨਾਂਅ ਲੈਣ ਤੋਂ ਗੁਰੇਜ਼ ਕੀਤਾ ਪਰ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਬਾਦਲ ਦੀਆਂ ਮੁਸੀਬਤਾਂ ਵੱਧ ਸਕਦੀਆਂ ਹਨ। ਪਹਿਲਾਂ ਹੀ ਕਈ ਸਾਰੇ ਆਗੂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਹੋ ਗਏ ਹਨ ਤੇ ਬਹੁਤ ਸਾਰੇ ਆਗੂਆਂ ਨੂੰ ਪਾਰਟੀ ਨੇ ਆਪ ਕੱਢ ਦਿੱਤਾ ਹੈ।