ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿੱਚ ਹਾਰ ਜਾਣ ਮਗਰੋਂ ਬਸਪਾ ਪ੍ਰਧਾਨ ਮਾਯਾਵਤੀ ਨੇ ਭਾਜਪਾ ਉੱਤੇ ਸ਼ਬਦੀ ਵਾਰ ਕਰਦਿਆਂ ਈਵੀਐਮ ਤੋਂ ਲੋਕਾਂ ਦਾ ਭਰੋਸਾ ਖ਼ਤਮ ਹੋ ਜਾਣ ਦੀ ਗੱਲ ਕਹੀ।
ਹਾਰ ਤੋਂ ਬਾਅਦ ਮਾਯਾਵਤੀ ਨੇ ਲਾਇਆ ਈਵੀਐਮ 'ਚ ਗੜਬੜੀ ਦਾ ਦੋਸ਼ - Bahujan Samaj Party
ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਬਸਪਾ ਦੀ ਹੋਈ ਕਰਾਰੀ ਹਾਰ ਨੂੰ ਲੈ ਕੇ ਪਾਰਟੀ ਦੀ ਪ੍ਰਧਾਨ ਮਾਯਾਵਤੀ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਭਾਜਪਾ ਉੱਤੇ ਨਿਸ਼ਾਨਾ ਸਾਧਦੇ ਹੋਏ ਚੋਣਾਂ ਦੌਰਾਨ ਈਵੀਐਮ ਵਿੱਚ ਗੜਬੜੀ ਹੋਣ ਦਾ ਦੋਸ਼ ਲਗਾਇਆ ਹੈ।
ਚੋਣ ਨਤੀਜੇ ਆਉਣ ਮਗਰੋਂ ਮਾਯਾਵਤੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਰਾਜਨੀਤਕ ਇਤਿਹਾਸ 'ਚ ਕਈ ਅਹਿਮ ਬਦਲਾਅ ਵੇਖੇ ਗਏ ਹਨ। ਉਨ੍ਹਾਂ ਕਿਹਾ ਕਿ ਸਮਾਜ ਦੇ ਪਿਛੜੇ ਵਰਗਾਂ ਦੀ ਰਾਜਨੀਤੀ ਵਿੱਚ ਭਾਗੀਦਾਰੀ ਪਹਿਲਾਂ ਤੋ ਵੱਧ ਹੋਈ ਹੈ। ਉਨ੍ਹਾਂ ਭਾਜਪਾ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛੜੇ ਵਰਗ ਦੀ ਇਸ ਹਿੱਸੇਦਾਰੀ ਨੂੰ ਸੱਤਾਧਾਰੀ ਪਾਰਟੀ (ਭਾਜਪਾ ਐਂਡ ਕੰਪਨੀ) ਨੇ ਪੂਰੇ ਤੌਰ 'ਤੇ ਈਵੀਐਮ ਰਾਹੀਂ ਹਾਈਜੈਕ ਕਰ ਲਿਆ ਹੈ। ਈਵੀਐਮ ਮਸ਼ੀਨਾਂ ਤੋਂ ਚੋਣ ਕਰਵਾਏ ਜਾਣ ਦੀ ਇਹ ਕਿਹੋ ਜਿਹੀ ਵਿਵਸਥਾ ਹੈ ਜਿਸ ਵਿੱਚ ਗੜਬੜੀ ਹੋਣ ਦੇ ਕਈ ਸਬੂਤ ਮਿਲੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਹੀ ਪੂਰੇ ਦੇਸ਼ ਵਿੱਚ ਈਵੀਐਮ ਮਸ਼ੀਨਾਂ ਰਾਹੀਂ ਚੋਣਾਂ ਕਰਵਾਏ ਜਾਣ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ।
ਉਨ੍ਹਾਂ ਚੋਣਾਂ ਦੇ ਨਤੀਜੇ ਬਾਰੇ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਬਾਅਦ ਦੇਸ਼ ਦੀ ਜਨਤਾ ਦਾ ਈਵੀਐਮ ਤੋਂ ਭਰੋਸਾ ਖ਼ਤਮ ਹੋ ਚੁੱਕਾ ਹੈ। ਦੇਸ਼ ਦੀ ਜ਼ਿਆਦਾਤਰ ਪਾਰਟੀਆਂ ਬੈਲੇਟ ਪੇਪਰ ਰਾਹੀਂ ਵੋਟਿੰਗ ਪ੍ਰਕਿਰਿਆ ਕਰਵਾਏ ਜਾਣ ਨੂੰ ਜ਼ਿਆਦਾ ਮਹੱਤਵ ਦਿੰਦੀਆਂ ਹਨ ਪਰ ਚੋਣ ਕਮਿਸ਼ਨ ਅਤੇ ਭਾਜਪਾ ਵੱਲੋਂ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਚੋਣ ਕਮਿਸ਼ਨ ਅਤੇ ਭਾਜਪਾ ਵੱਲੋਂ ਬੈਲੇਟ ਪੇਪਰ ਨਾਲ ਚੋਣਾਂ ਕਰਵਾਏ ਜਾਣ ਉੱਤੇ ਇਨਕਾਰ ਦਾ ਮਤਲਬ ਕਿਸੇ ਗੜਬੜੀ ਵੱਲ ਇਸ਼ਾਰਾ ਕਰਦਾ ਹੈ।