ਰਾਜਸਥਾਨ: ਕੋਟਾ ਵਿੱਚ ਮੈਡੀਕਲ ਤੇ ਇੰਜੀਨਅਰਿੰਗ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਕਰਨ ਗਏ ਪੰਜਾਬ ਦੇ ਵਿਦਿਆਰਥੀ ਐਤਵਾਰ ਦੁਪਹਿਰ 2:30 ਵਜੇ ਆਪਣੇ ਘਰਾਂ ਲਈ ਰਵਾਨਾ ਹੋਣਗੇ।
ਤੁਹਾਨੂੰ ਦੱਸ ਦਈਏ, ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਕੋਚਿੰਗ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪ੍ਰੀਕਿਰਿਆ ਤਹਿਤ ਹੀ ਰਾਜਸਥਾਨ ਦੇ ਵਿਦਿਆਰਥੀ ਵੀ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਤਰਤੀਬ ਵਿੱਚ ਜੰਮੂ ਕਸ਼ਮੀਰ ਦੇ 400 ਤੋਂ ਵੱਧ ਵਿਦਿਆਰਥੀਆਂ ਨੂੰ ਸਵੇਰੇ 14 ਬੱਸਾਂ ਰਾਹੀਂ ਜੰਮੂ, ਸ੍ਰੀਨਗਰ ਤੇ ਲੱਦਾਖ ਲਈ ਰਵਾਨਾ ਕੀਤਾ ਗਿਆ। ਉੱਥੇ ਹੀ ਪੰਜਾਬ ਦੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਦੁਪਹਿਰ 2.30 ਵਜੇ ਪੰਜਾਬ ਲਈ ਰਵਾਨਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਛੱਤੀਸਗੜ ਲਈ ਕਰੀਬ 2500 ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਮ 4 ਵਜੇ 88 ਬੱਸਾਂ ਤੋਂ ਬਸਤਰ, ਸਰਗੁਜਾ, ਰਾਏਪੁਰ, ਦੁਰਗ, ਬਿਲਾਸਪੁਰ ਲਈ ਰਵਾਨਾ ਕੀਤਾ ਜਾਵੇਗਾ। ਇਨ੍ਹਾਂ ਲਈ, ਜਵਾਹਰ ਨਗਰ, ਝਾਲਾਵੜ ਰੋਡ 'ਤੇ ਹੋਟਲ ਕੰਟਰੀ ਇਨ ਦੇ ਨੇੜੇ ਤੇ ਲੈਂਡ ਮਾਰਕ ਸਿਟੀ ਵਿਖੇ ਸਟਾਪ ਬਣਾਏ ਗਏ ਹਨ। ਜਿੱਥੇ ਵਿਦਿਆਰਥੀਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਤੇ ਫਿਰ ਬੱਸਾਂ ਨੂੰ ਸੈਨੇਟਾਈਜ਼ ਕਰਕੇ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਬਿਠਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹਿਮਾਚਲ ਦੇ ਵਿਦਿਆਰਥੀ ਆਪਣੇ ਘਰਾਂ ਨੂੰ ਪਰਤ ਗਏ ਹਨ। ਇਸ ਤੋਂ ਬਾਅਦ ਰਾਜਸਥਾਨ ਦੇ ਅਜਮੇਰ, ਰਾਵਤਭਾਟਾ, ਚਿਤੌੜਗੜ, ਭਿਲਵਾੜਾ, ਟੋਂਕ, ਸਵਾਈ ਮਾਧੋਪੁਰ ਅਤੇ ਕੋਟਾ ਦੇ ਪੇਂਡੂ ਖੇਤਰਾਂ ਦੇ 574 ਵਿਦਿਆਰਥੀਆਂ ਨੂੰ 20 ਬੱਸਾਂ ਰਾਹੀਂ ਘਰਾਂ ਲਈ ਰਵਾਨਾ ਕੀਤਾ ਹੈ। ਇਸ ਦੇ ਨਾਲ ਹੀ ਬੱਸਾਂ ਵਿੱਚ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਹੋਇਆਂ ਇੱਕ ਬੱਸ ਵਿੱਚ 30 ਵਿਦਿਆਰਥੀਆਂ ਨੂੰ ਹੀ ਬਿਠਾਇਆ ਜਾ ਰਿਹਾ ਹੈ। ਉੱਥੇ ਹੀ ਹੁਣ ਤੱਕ ਬਿਹਾਰ,ਪੱਛਮੀ ਬੰਗਾਲ, ਮਹਾਰਾਸ਼ਟਰ, ਝਾਰਖੰਡ, ਦਿੱਲੀ ਅਤੇ ਉੱਤਰ ਪੂਰਬ ਦੇ ਵਿਦਿਆਰਥੀ ਅਜੇ ਵੀ ਕੋਟਾ ਵਿੱਚ ਹਨ।