ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਡਟੇ ਹੋਏ ਹਨ। ਜਿਥੇ ਪਹਿਲਾਂ ਦਿੱਲੀ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਬਜਿੱਦ ਨਜ਼ਰ ਆ ਰਹੀ ਸੀ, ਹੁਣ ਉਹੀ ਸਰਕਾਰ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਮਨਜੂਰੀ ਦੇ ਕੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ ਵਿੱਚ ਲੱਗੀ ਹੋਈ ਹੈ।
ਕਿਸਾਨ ਲਗਾਤਾਰ ਕਾਫ਼ਲਿਆਂ ਨਾਲ ਵੱਡੀ ਗਿਣਤੀ ਵਿੱਚ ਬੁਰਾੜੀ ਮੈਦਾਨ ਵਿੱਚ ਪੁੱਜ ਰਹੇ ਹਨ ਅਤੇ ਟਰੈਕਟਰ-ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਕਿਸਾਨ ਵੀ ਆਪਣੇ ਨਾਲ ਲਿਆਂਦੇ ਰਸਦ ਨਾਲ ਲੰਗਰ ਛਕ ਰਹੇ ਹਨ। ਈਟੀਵੀ ਭਾਰਤ ਵੱਲੋਂ ਬੁਰਾੜੀ ਮੈਦਾਨ ਦਾ ਮੌਕਾ ਵੇਖਿਆ ਗਿਆ ਤਾਂ ਕਿਸਾਨਾਂ ਵਿੱਚ ਧਰਨੇ ਵਿੱਚ ਜੋਸ਼ ਵਿਖਾਈ ਦੇ ਰਿਹਾ ਸੀ। ਇਸ ਮੌਕੇ ਕੁੱਝ ਕਿਸਾਨਾਂ ਨਾਲ ਧਰਨੇ ਬਾਰੇ ਗੱਲਬਾਤ ਵੀ ਕੀਤੀ ਗਈ।
ਕਿਸਾਨਾਂ ਦਾ ਕਹਿਣਾ ਸੀ ਕਿ ਭਾਵੇਂ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤਤਪਰ ਹਨ ਅਤੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਨੇ ਆਪਣੇ ਸਾਰੇ ਹੀਲੇ ਵਰਤੇ ਪਰ ਉਹ ਸਾਰੀਆਂ ਮੁਸ਼ਕਲਾਂ ਪਾਰ ਕਰਕੇ ਇਥੇ ਪੁੱਜੇ ਹਨ।