ਨਵੀਂ ਦਿੱਲੀ: ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਵੱਡੇ ਇਕੱਠਾਂ ਤੋਂ ਬਚਣ ਲਈ ਸਲਾਹ ਦੇਣ ਦੇ ਬਾਵਜੂਦ ਸ਼ਾਹੀਨ ਬਾਗ ਵਿਖੇ ਪ੍ਰਦਰਸ਼ਨਕਾਰੀ ਇਸ ਗੱਲ 'ਤੇ ਅੜੇ ਹਨ ਕਿ ਉਹ ਸਿਹਤ ਸਬੰਧੀ ਜ਼ਰੂਰੀ ਸਾਵਧਾਨੀਆਂ ਲੈ ਕੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ। ਕੇਜਰੀਵਾਲ ਸਰਕਾਰ ਵੱਲੋਂ 50 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਵੀ ਸੈਂਕੜੇ ਲੋਕ ਸ਼ਾਹੀਨ ਬਾਗ ਵਿਖੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ।
ਰਾਜ ਸਰਕਾਰ ਦੇ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਕੱਠਾਂ ‘ਤੇ ਰੋਕ ਸ਼ਾਹੀਨ ਬਾਗ ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਬਾਹਰ ਵੀ ਲਾਗੂ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸ਼ਹਿਰ ਦੇ ਸਾਰੇ ਜਿੰਮ, ਨਾਈਟ ਕਲੱਬ, ਸਿਨੇਮਾ, ਹਫਤਾਵਾਰੀ ਬਾਜ਼ਾਰਾਂ ਨੂੰ 31 ਮਾਰਚ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ।
ਦਿੱਲੀ ਦੇ ਜੋਆਇੰਟ ਪੁਲਿਸ ਕਮਿਸ਼ਨਰ ਸ੍ਰੀਵਾਸਤਵ ਨੇ ਕਿਹਾ, "ਡੀਸੀਪੀ ਆਰ ਪੀ ਮੀਨਾ ਅਤੇ ਸਥਾਨਕ ਥਾਣਾ ਇੰਚਾਰਜ ਪ੍ਰਦਰਸ਼ਨਕਾਰੀਆਂ ਨੂੰ ਮਾਰੂ ਵਾਇਰਸ ਬਾਰੇ ਜਾਣੂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਥਾਮ ਉਪਾਅ ਵਜੋਂ ਵਿਰੋਧ ਪ੍ਰਦਰਸ਼ਨ ਨੂੰ ਖ਼ਤਮ ਕਰਨ ਦੀ ਅਪੀਲ ਵੀ ਕਰ ਰਹੇ ਹਨ।"