ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਦੇ ਕਹਿਰ ਤੋਂ ਕੋਈ ਵੀ ਬਚ ਨਹੀਂ ਸਕਿਆ ਹੈ। ਕਈ ਮਹੀਨਿਆਂ ਤੋਂ ਸਕੂਲ ਵੀ ਬੰਦ ਪਏ ਹਨ। ਹਰਿਆਣਾ ਵਿੱਚ ਵੀ ਬੱਚਿਆਂ ਦੀ ਪੜ੍ਹਾਈ ਠੱਪ ਹੈ। ਸਰਕਾਰ ਆਨਲਾਈਨ ਕਲਾਸਾਂ ਦੇ ਜ਼ਰੀਏ ਪੜ੍ਹਾਈ ਨੂੰ ਜਾਰੀ ਰੱਖਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਦੂਰ-ਦੁਰਾਡੇ ਅਤੇ ਪਿਛੜੇ ਇਲਾਕਿਆਂ ਵਿੱਚ ਤਕਨੀਕੀ ਵਿਵਸਥਾ ਫੇਲ੍ਹ ਨਜ਼ਰ ਆ ਰਹੀ ਹੈ। ਅਜਿਹੇ ਹੀ ਹਾਲਾਤ ਦੇਸ਼ ਦੇ ਸਭ ਤੋਂ ਪਿਛੜੇ ਜ਼ਿਲ੍ਹਿਆਂ 'ਚ ਸ਼ੁਮਾਰ ਹਰਿਆਣਾ ਦੇ ਨੂੰਹ ਦਾ ਵੀ ਹੈ।
ਆਨਲਾਈਨ ਕਲਾਸਾਂ: ਪ੍ਰਸ਼ਾਸਨ ਦੇ ਦਾਅਵੇ ਹੋਰ, ਜ਼ਮੀਨੀ ਹਕੀਕਤ ਹੋਰ... ਕੋਰੋਨਾ ਦੇ ਚੱਲਦੇ ਪਿਛਲੇ ਕਈ ਮਹੀਨਿਆਂ ਤੋਂ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਸਨਾਟਾ ਪਸਰਿਆ ਹੋਇਆ ਹੈ। ਸਿੱਖਿਆ ਦੇ ਮਾਮਲੇ ਵਿੱਚ ਨੂੰਹ ਜ਼ਿਲ੍ਹਾ ਪਹਿਲਾਂ ਹੀ ਬਹੁਤ ਪਿਛੜਿਆ ਹੋਇਆ ਹੈ ਅਤੇ ਹੁਣ ਕੋਰੋਨਾ ਨੇ ਸਿੱਖਿਆ ਵਿਵਸਥਾ ਦੀ ਕਮਰ ਤੋੜ ਦਿੱਤੀ ਹੈ। ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸ ਲਈ ਆਨਲਾਈਨ ਪੜ੍ਹਾਈ ਦੀ ਵਿਵਸਥਾ ਕੀਤੀ ਗਈ ਹੈ।
ਹਾਲਾਂਕਿ, ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬੱਚੇ ਕੋਰੋਨਾ ਕਾਰਨ ਪੜ੍ਹਾਈ ਨਹੀਂ ਕਰ ਪਾਉਂਦੇ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਆਨਲਾਈਨ ਸਿੱਖਿਆ ਮੁਹਿੰਮ ਪੇਂਡੂ ਖੇਤਰਾਂ ਵਿੱਚ ਜ਼ੀਰੋ ਹੈ ਕਿਉਂਕਿ ਬੱਚਿਆਂ ਨੂੰ ਆਨਲਾਈਨ ਸਿੱਖਿਆ ਲਈ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ।
ਉਧਰ ਆਨਲਾਈਨ ਸਿੱਖਿਆ ਨੂੰ ਸਫ਼ਲਤਾਪੂਵਕ ਲਾਗੂ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ। ਇਸ ਲਈ ਸਿੱਖਿਆ ਵਿਭਾਗ ਨੇ ਐਜੂਸੈੱਟ, ਕੇਬਲ ਨੈੱਟਵਰਕ, ਇੰਟਰਨੈਟ, ਵਟਸਐਪ ਗਰੁੱਪ ਵਰਗੇ ਮਾਧਿਅਮ ਬਣਾਏ ਹਨ। ਸਿੱਖਿਆ ਵਿਭਾਗ ਦਾ ਦਾਅਵਾ ਹੈ ਕਿ ਨੂੰਹ ਜ਼ਿਲ੍ਹੇ ਵਿੱਚ 61 ਪ੍ਰਤੀਸ਼ਤ ਵਿਦਿਆਰਥੀ ਆਨਲਾਈਨ ਪੜ੍ਹਾਈ ਕਰ ਰਹੇ ਹਨ।
ਦੱਸ ਦਈਏ ਕਿ ਜ਼ਿਲ੍ਹੇ 'ਚ ਲੋਕਾਂ ਦੇ ਆਰਥਿਕ ਹਾਲਾਤ ਬਹੁਤ ਜ਼ਿਆਦਾ ਕਮਜ਼ੋਰ ਹਨ। ਇਸ ਲਈ ਇੱਥੇ ਟੀਵੀ ਅਤੇ ਐਂਡਰੋਇਡ ਫੋਨ ਵੀ ਘੱਟ ਗਿਣਤੀ ਵਿੱਚ ਹਨ। ਇੱਥੇ ਕੁੱਝ ਅਜਿਹੇ ਵੀ ਪਰਿਵਾਰ ਹਨ ਜਿਨ੍ਹਾਂ ਕੋਲ ਫੋਨ ਵੀ ਨਹੀਂ ਹੈ ਅਤੇ ਜੇਕਰ ਫੋਨ ਹੈ ਤਾਂ ਇੰਟਰਨੈਟ ਮਹਿੰਗਾ ਹੋਣ ਦੇ ਕਾਰਨ ਰਿਚਾਰਜ ਕਰਵਾਉਣਾ ਮੁਸ਼ਕਿਲ ਹੈ। ਕਈ ਵਾਰ ਤਾਂ ਬਿਜਲੀ ਨਾ ਆਉਣ ਕਰਕੇ ਮੋਬਾਇਲ ਫੋਨ ਦੀ ਬੈਟਰੀ ਤੱਕ ਚਾਰਜ ਕਰਨੀ ਮੁਸ਼ਕਿਲ ਹੋ ਜਾਂਦੀ ਹੈ।