ਨਵੀਂ ਦਿੱਲੀ: ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਲੈ ਕੇ ਦਿੱਤੇ ਬਿਆਨ 'ਤੇ ਵਿਰੋਧੀ ਧਿਰ ਨੇ ਤਿੱਖੇ ਵਾਰ ਕੀਤੇ ਹਨ। ਸੰਤੋਸ਼ ਗੰਗਵਾਰ ਨੇ ਬਰੇਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਅੱਜ ਦੇਸ਼ ਵਿੱਚ ਨੌਕਰੀਆਂ ਦੀ ਕੋਈ ਘਾਟ ਨਹੀਂ ਹੈ ਪਰ ਉੱਤਰ ਭਾਰਤ ਦੇ ਨੌਜਵਾਨਾਂ ਵਿੱਚ ਉਹ ਯੋਗਤਾ ਨਹੀਂ ਹੈ ਕਿ ਉਨ੍ਹਾਂ ਨੂੰ ਕੰਮ ਦਿੱਤਾ ਜਾ ਸਕੇ। ਸੰਤੋਸ਼ ਗੰਗਵਾਰ ਦੇ ਇਸ ਬਿਆਨ 'ਤੇ ਕਾਂਗਰਸ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਸਰਕਾਰ ‘ਤੇ ਤਿੱਖੀ ਪ੍ਰਤਿਕਿਰਿਆ ਦਿੱਤੀ ਹੈ।
ਪ੍ਰਿਯੰਕਾ ਗਾਂਧੀ ਨੇ ਗੰਗਵਾਰ ਦੇ ਬਿਆਨ 'ਤੇ ਟਵੀਟ ਕੀਤਾ, "ਤੁਹਾਡੀ 5 ਸਾਲਾਂ ਦੀ ਸਰਕਾਰ ਹੈ। ਤੁਸੀਂ ਨੌਕਰੀਆਂ ਨਹੀਂ ਬਣਾ ਸਕਦੇ, ਜਿਹੜੀਆਂ ਨੌਕਰੀਆਂ ਸੀ, ਉਹ ਸਰਕਾਰ ਵੱਲੋਂ ਲਿਆਂਦੀ ਆਰਥਿਕ ਮੰਦੀ ਦੇ ਚਲਦੇ ਖੋਹੀਆਂ ਜਾ ਰਹੀਆਂ ਹਨ।" ਉਨ੍ਹਾਂ ਲਿਖਿਆ, "ਨੌਜਵਾਨ ਰਾਹ ਵੇਖ ਰਹੇ ਸੀ ਕਿ ਸਰਕਾਰ ਕੁਝ ਚੰਗਾ ਕਰੇ, ਜੋ ਨਹੀਂ ਕੀਤਾ ਗਿਆ। ਤੁਸੀਂ ਉੱਤਰ ਭਾਰਤੀਆਂ ਦਾ ਅਪਮਾਨ ਕਰਕੇ ਬਚ ਨਹੀਂ ਸਕਦੇ। ਇਹ ਕੰਮ ਨਹੀਂ ਕਰੇਗਾ।"