ਨਵੀਂ ਦਿੱਲੀ: ਕਾਂਗਰਸ ਦੀ ਰਾਸ਼ਟਰੀ ਸਪੋਕਸਪਰਸਨ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਪ੍ਰਿਅੰਕਾ ਚਤੁਰਵੇਦੀ ਨੇ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਪ੍ਰਿਅੰਕਾ ਚਤੁਰਵੇਦੀ ਨੇ ਟਵਿਟਰ ਤੋਂ ਬੁਲਾਰੇ ਦੀ ਭੂਮਿਕਾ ਨੂੰ ਵੀ ਹਟਾ ਦਿੱਤਾ ਹੈ। ਇਸ ਤੋਂ ਬਾਅਦ ਪ੍ਰਿਅੰਕਾ ਅੱਜ ਸ਼ਿਵ ਸੇਨਾ 'ਚ ਸ਼ਾਮਲ ਹੋ ਗਈ ਹੈ।
ਪ੍ਰਿਅੰਕਾ ਨੇ ਅਸਤੀਫ਼ਾ ਦੇਣ ਤੋਂ ਬਾਅਦ ਟਵੀਟ ਕਰਦਿਆਂ ਲਿਖਿਆ, "ਪਿਛਲੇ ਤਿੰਨ ਦਿਨਾਂ ਵਿਚ ਦੇਸ਼ ਭਰ ਤੋਂ ਮੈਨੂੰ ਜੋ ਪਿਆਰ ਅਤੇ ਸਾਥ ਮਿਲਿਆ ਉਸ ਲਈ ਮੈਂ ਪੂਰੀ ਤਰ੍ਹਾਂ ਸ਼ੁਕਰਗੁਜ਼ਾਰ ਹਾਂ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਜੋ ਮੈਨੂੰ ਇੰਨਾ ਸਮਰਥਨ ਮਿਲਿਆ। ਇਸ ਯਾਤਰਾ ਦਾ ਹਿੱਸਾ ਬਣਨ ਵਾਲੇ ਸਾਰੇ ਲੋਕਾਂ ਨੂੰ ਮੇਰਾ ਧੰਨਵਾਦ।"
ਦਰਅਸਲ ਪ੍ਰਿਅੰਕਾ ਨੇ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਰਾਫੇਲ ਡੀਲ ਨੂੰ ਲੈ ਕੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਕਾਂਗਰਸ ਦੇ ਹੀ ਵਰਕਰਾਂ ਨੇ ਪ੍ਰਿਅੰਕਾ ਨਾਲ ਘਟੀਆ ਵਤੀਰਾ ਕੀਤਾ ਸੀ। ਪ੍ਰਿਅੰਕਾ ਨੇ ਇਸ ਦੀ ਸ਼ਿਕਾਇਤ ਕਾਂਗਰਸ ਅਨੁਸ਼ਾਸਨ ਕਮੇਟੀ ਨੂੰ ਦਿੱਤੀ ਸੀ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ਼ਿਕਾਇਤ 'ਤੇ ਨੋਟਿਸ ਲੈਂਦਿਆਂ ਪਾਰਟੀ ਵਰਕਰਾਂ ਵਿਰੁੱਧ ਕਾਰਵਾਈ ਕੀਤੀ ਸੀ। ਹਾਲਾਂਕਿ ਬਾਅਦ ਵਿੱਚ ਪਾਰਟੀ ਨੇ ਦੋਸ਼ੀ ਵਰਕਰਾਂ ਵਿਰੁੱਧ ਕੀਤੀ ਗਈ ਅਨੁਸ਼ਾਸਨ ਸਬੰਧੀ ਕਾਰਵਾਈ ਰੱਦ ਕਰ ਦਿੱਤੀ। ਇਸ ਤੋਂ ਬਾਅਦ ਪ੍ਰਿ੍ਅੰਕਾ ਕਾਂਗਰਸ ਤੋਂ ਨਾਰਾਜ਼ ਚੱਲ ਰਹੀ ਸੀ ਜਿਸ ਕਾਰਨ ਉਨ੍ਹਾਂ ਨੇ ਅੱਜ ਅਸਤੀਫ਼ਾ ਦੇ ਦਿੱਤਾ।