ਮੱਧ ਪ੍ਰਦੇਸ਼: ਵਿਆਹ ਦੀ ਰਸਮ ਮੌਕੇ ਲਾੜੀ ਅਤੇ ਲਾੜੇ ਤੋਂ ਬਾਅਦ ਸਭ ਤੋਂ ਜਿਆਦਾ ਮਹੱਤਪੂਰਨ ਰੋਲ ਹੁੰਦਾ ਹੈ ਫੇਰੇ ਕਰਵਾਉਣ ਵਾਲੇ ਪੰਡਿਤ ਦਾ। ਪਰ ਫ਼ਿਲਮੀ ਸਟੋਰੀ ਵਾਂਗ ਲਾੜੀ ਨੂੰ ਪੰਡਿਤ ਹੀ ਲੈ ਉਡ ਜਾਵੇ ਤਾਂ ਹੈਰਾਨੀ ਹੁੰਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਟੋਰੀ ਬਾਗਰੋਦ ਤੋਂ, ਜਿੱਥੇ ਇੱਕ ਪੰਡਿਤ ਨੇ ਪਹਿਲਾ ਲਾੜੀ ਅਤੇ ਲਾੜੇ ਦਾ ਵਿਆਹ ਕਰਵਾਇਆ ਅਤੇ 2 ਹਫ਼ਤੇ ਬਾਅਦ ਉਹੀ ਪੰਡਿਤ ਲਾੜੀ ਨੂੰ ਲੈ ਕੇ ਫ਼ਰਾਰ ਹੋ ਗਿਆ।
ਕੀ ਹੈ ਪੂਰਾ ਮਾਮਲਾ?
ਟੋਰੀ ਬਾਗਰੋਦ ਵਿੱਚ ਰਹਿਣ ਵਾਲੀ 21 ਸਾਲਾ ਮਹਿਮਾ(ਬਦਲਿਆ ਹੋਇਆ ਨਾਂਅ) ਦਾ ਵਿਆਹ ਬਾਸੌਦਾ ਦੇ ਆਸਠ ਪਿੰਡ ਵਿੱਚ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਬਾਰਾਤ ਆਉਣ ਤੋਂ ਬਾਅਦ ਪਿੰਡ ਦੇ ਵਿਨੋਦ ਕੁਮਾਰ ਮਹਾਰਾਜ ਨਾਂਅ ਦੇ ਪੰਡਿਤ ਨੇ ਲਾੜੀ ਅਤੇ ਲਾੜੇ ਦੇ ਫੇਰੇ ਕਰਵਾਏ ਅਤੇ ਵਿਆਹ ਦੀ ਰਸਮ ਅਦਾ ਕੀਤੀ। ਵਿਆਹ ਤੋਂ ਬਾਅਦ ਲਾੜੀ ਆਪਣੇ ਸਹੁਰੇ ਘਰ ਤੁਰ ਗਈ। 3 ਦਿਨ ਬਾਅਦ ਉਹ ਸਹੁਰੇ ਘਰ ਤੋਂ ਪੇਕੇ ਘਰ ਪਰਤੀ(ਰੀਤ ਰਿਵਾਜ਼ ਮੁਤਾਬਕ)।
23 ਮਈ ਨੂੰ ਪਿੰਡ ਵਿੱਚ ਇੱਕ ਵਿਆਹ ਸੀ ਜਿਸ ਵਿਆਹ ਦੀ ਰਸਮ ਵੀ ਵਿਨੋਦ ਨਾਂਅ ਦੇ ਪੰਡਿਤ ਵੱਲੋਂ ਹੀ ਅਦਾ ਕੀਤੀ ਜਾਣੀ ਸੀ, ਬਾਰਾਤ ਵੇੜੇ ਆ ਗਈ ਪਰ ਪੰਡਿਤ ਵਿਆਹ ਵਾਲੇ ਘਰ ਨਹੀਂ ਪਹੁੰਚਾ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੰਡਿਤ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਪੰਡਿਤ ਨਹੀਂ ਮਿਲਿਆ। ਉਧਰ, ਮਹਿਮਾ(ਬਦਲਿਆ ਹੋਇਆ ਨਾਂਅ) ਕੁੜੀ ਵੀ ਘਰ ਤੋਂ ਗਾਇਬ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਸ਼ਿਕਾਇਤ ਪੁਲਿਸ ਥਾਣੇ ਦਰਜ ਕਰਵਾਈ ਅਤੇ ਹੁਣ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ, ਪੰਡਿਤ ਵਿਨੋਦ ਦਾ ਵਿਆ ਹੋ ਚੁੱਕਾ ਹੈ ਅਤੇ ਉਸ ਦੇ 2 ਬੱਚੇ ਵੀ ਹਨ। ਘਟਨਾ ਵਾਲੇ ਦਿਨ ਤੋਂ ਹੀ ਪੂਰਾ ਪਰਿਵਾਰ ਘਰ ਤੋਂ ਗਾਇਬ ਹੈ। ਪਿੰਡ ਵਾਸੀਆਂ ਮੁਤਾਬਕ ਮਹਿਮਾ(ਬਦਲਿਆ ਹੋਇਆ ਨਾਂਅ) ਅਤੇ ਪੰਡਿਤ ਵਿਨੋਦ ਦਾ ਪਿਛਲੇ 2 ਸਾਲਾ ਤੋਂ ਪ੍ਰੇਮ ਸਬੰਧ ਸੀ। ਮਹਿਮਾ(ਬਦਲਿਆ ਹੋਇਆ ਨਾਂਅ) ਆਪਣੇ ਨਾਲ ਪੇਕੇ ਪਰਿਵਾਰ ਤੋਂ ਦਹੇਜ ਵਿੱਚ ਦਿਤਾ ਗਿਆ ਡੇਢ ਲੱਖ ਦਾ ਸੋਨਾ ਅਤੇ 30 ਹਜ਼ਾਰ ਰੁਪਏ ਨਗਦੀ ਵੀ ਨਾਲ ਲੈ ਕੇ ਗਈ ਹੈ।