ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੋ ਦਿਨਾਂ ਸਫ਼ਲ ਭਾਰਤ ਯਾਤਰਾ ਤੋਂ ਬਾਅਦ ਅਮਰੀਕਾ ਪਰਤਣ ਲਈ ਨਵੀਂ ਦਿੱਲੀ ਦੇ ਪਾਲਮ ਏਅਰਪੋਰਟ ਤੋਂ ਰਵਾਨਾ ਹੋ ਗਏ। ਅਮਰੀਕੀ ਰਾਸ਼ਟਰਪਤੀ ਸੋਮਵਾਰ ਨੂੰ ਭਾਰਤ ਪਹੁੰਚੇ ਸੀ। ਗੁਜਰਾਤ 'ਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੋਟੇਰਾ ਸਟੇਡੀਅਮ ਵਿਖੇ ਉਥੇ ਮੌਜੂਦ ਲੱਖਾਂ ਲੋਕਾਂ ਨੂੰ ਸੰਬੋਧਿਤ ਕੀਤਾ।
ਆਪਣੀ ਦੋ ਦਿਨਾਂ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਗਰਾ ਸਥਿਤ ਤਾਜ ਮਹਿਲ ਦਾ ਦੌਰਾ ਵੀ ਕੀਤਾ। ਆਗਰਾ 'ਚ ਉਨ੍ਹਾਂ ਦਾ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਵਾਗਤ ਕੀਤਾ। ਟਰੰਪ ਨੇ ਤਾਜ ਮਹਿਲ ਦੀ ਖ਼ੂਬਸੂਰਤੀ ਦਾ ਦੀਦਾਰ ਕਰਦਿਆਂ ਆਪਣੀ ਪਤਨੀ ਦੇ ਨਾਲ ਕਈ ਘੰਟੇ ਬਿਤਾਏ।