ਹੈਦਰਾਬਾਦ: ਗਰਭ ਅਵਸਥਾ ਇੱਕ ਔਰਤ ਅਤੇ ਉਸਦੇ ਪਰਿਵਾਰ ਲਈ ਸਭ ਤੋਂ ਖੁਸ਼ਗਵਾਰ ਸਮਾਂ ਹੁੰਦਾ ਹੈ। ਇਹ ਵਕਤ ਆਪਣੇ ਆਪ ਵਿੱਚ ਕਾਫੀ ਨਾਜ਼ੁਕ ਸਮਾਂ ਵੀ ਹੁੰਦਾ ਹੈ, ਕਿਉਂਕਿ ਇੱਕ ਮਾਂ ਦੇ ਸ਼ਰੀਰ ਦੀ ਰੋਗ ਪ੍ਰਤੀਰੋਧ ਸਮਰੱਥਾ ਦੇ ਵਿੱਚ ਇਸ ਵੇਲੇ ਸ਼ਦੀਦ ਤਬਦੀਲੀਆਂ ਆਉਣ ਕਾਰਨ ਉਹ ਅਜਿਹੇ ਵੇਲੇ ਅਨੇਕਾਂ ਹੀ ਸੰਕਰਮਣਾਂ ਅਤੇ ਲਾਗਾਂ ਦਾ ਸ਼ਿਕਾਰ ਹੋ ਸਕਦੀ ਹੈ।
ਸਮੁੱਚੇ ਵਿਸ਼ਵ ਵਿੱਚ ਅਤੇ ਭਾਰਤ ਵਿੱਚ ਵੀ ਕੋਵਿਡ-19 ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਦੇ ਕਾਰਨ ਇਸ ਗੱਲ ਦੀ ਵੀ ਚਿੰਤਾ ਨਾਲ ਹੀ ਹੋ ਰਹੀ ਹੈ ਕਿ ਗਰਭਵਤੀ ਔਰਤਾਂ ਦੀ ਇਸ ਲਾਗ ਤੋਂ ਸੁਰੱਖਿਆ ਕਿਵੇਂ ਕੀਤੀ ਜਾਵੇ, ਅਤੇ ਕਿਸ ਤਰ੍ਹਾਂ ਦੇ ਨਾਲ ਅਣਜੰਮੇ ਬੱਚੇ ਅਤੇ ਮਾਂ ਦੀ ਸਿਹਤ ਉੱਤੇ ਇਸ ਨਾਮੁਰਾਦ ਵਾਇਰਸ ਦੇ ਪੈ ਸਕਣ ਵਾਲੇ ਸੰਭਾਵਿਤ ਪ੍ਰਭਾਵਾਂ ਤੋ ਬਚਾਅ ਕੀਤਾ ਜਾਵੇ। ਭਾਰਤ ਵਿੱਚ ਹਰ ਮਹੀਨੇ ਲਗਭਗ 2 ਲੱਖ ਔਰਤਾਂ ਗਰਭਵਤੀ ਹੋ ਜਾਂਦੀਆਂ ਹਨ।
ਜਿਵੇਂ ਕਿ ਇਹ ਮਹਾਂਮਾਰੀ ਕੁੱਝ ਹੀ ਮਹੀਨੇ ਪਹਿਲਾਂ ਫ਼ੈਲੀ ਹੈ, ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਦਾ ਜਣੇਪਾ ਗਲੋਬਲ ਮਹਾਂਮਾਰੀ ਦੇ ਪਿਛਲੇ 3 ਮਹੀਨਿਆਂ ਦੌਰਾਨ ਹੀ ਹੋਇਆ ਹੈ ਉਹ ਇਸ ਬਿਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਹਮਲ ਦੀ ਅੰਤਮ ਤਿਮਾਹੀ ਵਿੱਚ ਸਨ – ਜਿਸ ਸੂਰਤ ਵਿੱਚ ਅਜਨਮੇਂ ਬੱਚੇ ਦੇ ਉੱਤੇ ਬਹੁਤ ਹੀ ਘੱਟ ਪ੍ਰਭਾਵ ਹੁੰਦਾ ਹੈ। ਅਕਸਰ ਹਮਲ ਦੀ ਪਹਿਲੀ ਤਿਮਾਹੀ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਗ ਲੱਗਣ ਕਾਰਨ ਹੋਣ ਵਾਲੀ ਕਿਸੇ ਵੀ ਤਰਾਂ ਦੀ ਜਮਾਂਦਰੂ ਖਰਾਬੀ ਦਾ ਵਧੇਰੇ ਜੋਖਮ ਹੁੰਦਾ ਹੈ ਕਿਉਂਕਿ ਗਰਭ ਵਿੱਚ ਜ਼ਿਆਦਾਤਰ ਮੁੱਖ ਅੰਗ ਉਦੋਂ ਹੀ ਬਣਦੇ ਹਨ।
ਹਾਲ ਹੀ ਵਿੱਚ ਪੈਦਾ ਹੋਏ ਨਵਜਾਤ ਸ਼ਿਸ਼ੂਆਂ ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਕਿਸੇ ਤਰਾਂ ਦੀ ਜਮਾਂਦਰੂ ਖਰਾਬੀ ਹੋਣ ਜਾਂ ਇਸ ਲਾਗ ਦੇ ਕਾਰਨ ਮਰੇ ਹੋਏ ਬੱਚੇ ਪੈਦਾ ਹੋਣ ਦੇ ਵਧੇਰੇ ਜੋਖਮ ਦੀ ਹੁਣ ਤੱਕ ਕੋਈ ਵੀ ਰਿਪੋਰਟ ਨਹੀਂ ਆਈ ਹੈ। ਚੀਨ ਤੋਂ ਆਉਣ ਵਾਲੇ ਅਧਿਐਨ ਦਰਸਾਉਂਦੇ ਹਨ ਕਿ ਜ਼ੀਕਾ ਜਾਂ ਰੁਬੇਲਾ ਦੀ ਲਾਗ ਦੇ ਵਿਪਰੀਤ ਕੋਰੋਨਾ ਵਾਇਰਸ ਦੇ, ਬੱਚੇ ਦੀ ਸਿਹਤ ਉੱਤੇ ਕੋਈ ਜ਼ਿਅਦਾ ਮਾੜੇ ਅਸਰ ਪੈ ਰਹੇ ਨਹੀਂ ਜਾਪਦੇ। ਜ਼ੀਕਾ ਵਾਇਰਸ ਦੀ ਲਾਗ ਕਾਰਨ ਸੰਕਰਮਿਤ ਮਾਵਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਜਮਾਂਦਰੂ ਖਰਾਬੀਆਂ ਦੇ ਵਧੇਰੇ ਜ਼ੋਖਮਾਂ ਦੇ ਹੋਣ ਦੇ ਸਬੂਤ ਸਨ। ਹਾਲਾਂਕਿ ਜ਼ੀਕਾ ਦੇ ਉਲਟ, ਕਿਸੇ ਵੀ ਅਧਿਐਨ ਅਨੁਸਾਰ ਕੋਰੋਨਾ ਦੀ ਲਾਗ ਦਾ ਮਾਂ ਤੋਂ ਬੱਚੇ ਵਿੱਚ ਸੰਚਾਰਣ ਦਾ ਪਤਾ ਨਹੀਂ ਲੱਗਿਆ, ਕਿਉਂਕਿ ਇਹ ਵਿਸ਼ਾਣੂ ਮਾਂ ਦੇ ਦੁੱਧ ਜਾਂ ਐਮਨੀਓਟਿਕ ਤਰਲ ਵਿੱਚ ਨਹੀਂ ਪਾਏ ਗਏ ਹਨ।
ਵੁਹਾਨ ਦੀਆਂ 33 ਮਾਵਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ 3 ਬੱਚੇ ਜਨਮ ਤੋਂ ਬਾਅਦ ਸਕਾਰਾਤਮਕ ਪਾਏ ਗਏ ਸਨ। ਇਨ੍ਹਾਂ 3 ਵਿੱਚੋਂ 2 ਨੂੰ ਕਿਸੇ ਤਰਾਂ ਦੇ ਇਲਾਜ ਦੀ ਲੋੜ ਨਹੀਂ ਪਈ ਅਤੇ ਉਹ 6ਵੇਂ ਦਿਨ ਨਕਾਰਾਤਮਕ ਹੋ ਗਏ। ਤੀਸਰਾ ਬੱਚਾ, ਜੋ ਕਿ ਸਮੇਂ ਤੋਂ ਪਹਿਲਾਂ ਹੋਇਆ ਸੀ, ਉਸ ਨੂੰ ਐਂਟੀਬਾਇਓਟਿਕਸ ਦੇਣ ਦੀ ਜ਼ਰੂਰਤ ਸੀ ਅਤੇ ਉਹ ਵੀ ਜਲਦੀ ਠੀਕ ਹੋ ਗਿਆ। ਇਸ ਲਈ, ਸਿੱਟਾ ਇਹ ਨਿਕਲਦਾ ਹੈ ਕਿ ਅਸੀਂ ਨਹੀਂ ਜਾਣਦੇ ਕਿ ਕੋਰੋਨਾ ਵਿਸ਼ਾਣੂ ਗਰਭ ਵਿੱਚ ਮਾਂ ਤੋਂ ਬੱਚੇ ਵਿੱਚ ਸੰਚਾਰਿਤ ਹੁੰਦਾ ਹੈ ਜਾਂ ਨਹੀਂ, ਪਰੰਤੂ ਹੁਣ ਤੱਕ ਕਿਤੇ ਵੀ ਇਹ ਨਹੀ ਜਾਪਦਾ ਕਿ ਵਿਸ਼ਾਣੂ ਦਾ ਬੱਚੇ ਜਾਂ ਮਾਂ ਦੀ ਸਿਹਤ ਉੱਤੇ ਕੋਈ ਮਾੜਾ ਪ੍ਰਭਾਵ ਪੈਂਦਾ ਹੈ।
ਪਰ ਵੱਖ-ਵੱਖ ਦੇਸ਼ਾਂ ਵਿੱਚ ਵੱਡੇ ਪੱਧਰ ‘ਤੇ ਅਤੇ ਲੰਬੇ ਸਮੇਂ ਦੇ ਅਧਿਐਨ ‘ਤੋਂ ਹੀ ਇਹ ਸਪੱਸ਼ਟ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਅਣਜੰਮੇ ਭਰੂਣ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਨਹੀਂ। ਤਾਂ ਫਿਰ ਅਜਿਹੀ ਸਥਿਤੀ ਵਿੱਚ ਗਰਭਵਤੀ ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ? ਤਾਲਾਬੰਦੀ ਕਾਰਨ 9 ਮਹੀਨਿਆਂ ਬਾਅਦ ਦੁਨੀਆਂ ਭਰ ਵਿੱਚ ਬੱਚਿਆਂ ਦੀ ਜਨਮ ਦਰ ਵਿੱਚ ਤੇਜ਼ੀ ਆਵੇਗੀ। ਬਹੁਤ ਸਾਰੀਆਂ ਔਰਤਾਂ ਕੋਰੋਨਾ ਮਹਾਂਮਾਰੀ ਦੇ ਫੈਲਾਅ ਦੇ ਸਿਖਰ ਸਮੇਂ ਵਿੱਚ ਗਰਭ ਅਵਸਥਾ ਦਾ ਸਾਹਮਣਾ ਕਰਨਗੀਆਂ।
ਭਾਰਤ ਵਿੱਚ, ਕੋਵਿਡ-19 ਨਾਲ ਸੰਕਰਮਿਤ ਗਰਭਵਤੀ ਮਾਵਾਂ ਦੀ ਗਿਣਤੀ ਹੁਣ ਤੱਕ ਘੱਟ ਹੀ ਹੈ। ਸਿਰਫ ਇੱਕ ਹੀ ਦਸਤਾਵੇਜ਼ਿਤ ਕੇਸ ਦਿੱਲੀ ਵਿੱਚ ਹੈ ਜਿੱਥੇ ਮਾਂ ਸੰਕਰਮਿਤ ਸੀ ਅਤੇ ਉਸਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਪਰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਲਗਭਗ 80% ਕੇਸਾਂ ਵਿੱਚ ਕੋਰੋਨਾ ਦੀ ਲਾਗ ਹਲਕੀ ਤੋਂ ਦਰਮਿਆਨੀ ਹੁੰਦੀ ਹੈ ਅਤੇ ਹੋ ਸਕਦਾ ਹੈ ਕਿ ਇਹ ਜਾਂਚ ਵਿੱਚ ਵੀ ਨਾਂ ਆਵੇ। ਇਸ ਕਰਕੇ ਗਰਭ ਅਵਸਥਾ ਦੇ ਅਰੰਭ ਦੌਰਾਨ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਸੰਭਾਵਤ ਸੰਪਰਕ ਵੀ ਮਾਮੂਲੀ ਨਹੀਂ ਹੋਵੇਗਾ।
ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਸਿਹਤ ਸੰਭਾਲ ਪ੍ਰਦਾਤਾਵਾਂ ਦੁਆਰਾ ਗਰਭਵਤੀ ਮਾਵਾਂ ਦੀ ਨਿਯਮਿਤ ਦੇਖਭਾਲ ਕੀਤੀ ਜਾਵੇ – ਜੋ ਕਿ ਤਾਲਾਬੰਦ ਹੋਣ ਕਰਕੇ ਮੁਸ਼ਕਲ ਹੋਵੇਗਾ - ਜਨਮ ਤੋਂ ਪਹਿਲਾਂ ਦੀ ਰੁਟੀਨ ਦੇਖਭਾਲ ਵੀ ਲਗਭਗ ਰੁਕ ਗਈ ਹੈ ਜਾਂ ਹੋ ਸਕਦਾ ਹੈ ਕਿ ਔਰਤਾਂ ਇਸ ਰੁਟੀਨ ਦੇਖਭਾਲ ਲਈ ਬਾਹਰ ਨਹੀਂ ਜਾ ਸਕਦੀਆਂ ਹੋਣ। ਇਸ ਲਈ ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਣ ਹੈ ਕਿ ਖੰਘ, ਬੁਖਾਰ ਅਤੇ ਗਲ਼ੇ ਦੀ ਬਿਮਾਰੀ ਹੋਣ ਦੇ ਲੱਛਣ ਪਾਏ ਜਾਣ ‘ਤੇ ਉਨ੍ਹਾਂ ਦੀ ਢੁੱਕਵੀਂ ਦੇਖਭਾਲ ਕੀਤੀ ਜਾਵੇ।