ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਮਾਗ 'ਚ ਜਮ੍ਹਾ ਖੂਨ ਦੇ ਗਤਲੇ ਨੂੰ ਹਟਾਉਣ ਲਈ ਸਫ਼ਲ ਸਰਜਰੀ ਕੀਤੀ ਗਈ ਹੈ। ਦਿਮਾਗ ਦੀ ਸਰਜਰੀ ਤੋਂ ਬਾਅਦ ਵੀ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸ ਦਈਏ ਕਿ ਪ੍ਰਣਬ ਮੁਖਰਜੀ ਨੂੰ ਆਰਮੀ ਦੇ ਆਰਐਂਡਆਰ (ਰਿਸਰਚ ਐਂਡ ਰੈਫਰਲ) ਹਸਪਤਾਲ ਵਿੱਚ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਣਬ ਮੁਖਰਜੀ ਸਰਜਰੀ ਤੋਂ ਪਹਿਲਾਂ ਸੋਮਵਾਰ ਨੂੰ ਕੋਵਿਡ-19 ਪੌਜ਼ੀਟਿਵ ਪਾਏ ਗਏ ਸਨ। 84 ਸਾਲਾ ਮੁਖਰਜੀ ਨੇ ਸੋਮਵਾਰ ਨੂੰ ਟਵੀਟ ਕਰ ਕਿਹਾ ਸੀ, "ਹੋਰ ਕਾਰਨਾਂ ਕਰਕੇ ਹਸਪਤਾਲ ਗਿਆ ਸੀ, ਜਿਥੇ ਅੱਜ ਕੋਵਿਡ-19 ਦੀ ਜਾਂਚ ਵਿੱਚ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।"
ਸੀਨੀਅਰ ਕਾਂਗਰਸੀ ਨੇਤਾ ਅਤੇ ਸਾਲ 2012 ਤੋਂ 2017 ਦੇ ਦੇਸ਼ ਦੇ ਰਾਸ਼ਟਰਪਤੀ ਰਹੇ ਪ੍ਰਣਬ ਮੁਖਰਜੀ ਨੇ ਇੱਕ ਟਵੀਟ ਕਰਦਿਆਂ ਕਿਹਾ, "ਮੈਂ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਜਿਹੜੇ ਪਿਛਲੇ ਇੱਕ ਹਫਤੇ ਵਿਚ ਮੇਰੇ ਸੰਪਰਕ ਵਿੱਚ ਆਏ ਹਨ, ਉਹ ਖ਼ੁਦ ਨੂੰ ਕੁਆਰੰਟੀਨ ਕਰ ਲੈਣ ਅਤੇ ਕੋਵਿਡ-19 ਦੀ ਜਾਂਚ ਕਰਵਾਉਣ।"
ਮੁਖਰਜੀ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ, ਰੱਖਿਆ ਮੰਤਰੀ ਰਾਜਨਾਥ ਸਿੰਘ ਆਰਆਰ ਹਸਪਤਾਲ ਗਏ ਅਤੇ ਸਾਬਕਾ ਰਾਸ਼ਟਰਪਤੀ ਦੀ ਸਿਹਤ ਬਾਰੇ ਪੁੱਛਗਿੱਛ ਕੀਤੀ। ਉਹ ਤਕਰੀਬਨ 20 ਮਿੰਟ ਹਸਪਤਾਲ ਵਿਚ ਰਹੇ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਸਮੇਤ ਪਾਰਟੀ ਦੇ ਕਈ ਸਾਥੀਆਂ ਨੇ ਮੁਖਰਜੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, "ਅਸੀਂ ਚਾਹੁੰਦੇ ਹਾਂ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਵਿਡ -19 ਦੀ ਬਿਮਾਰੀ ਤੋਂ ਜਲਦੀ ਠੀਕ ਹੋ ਜਾਣ।"