ਨਵੀਂ ਦਿੱਲੀ: ਸੰਸਦ ਵਿਚ ਨਾਥੂਰਾਮ ਗੋਡਸੇ ਨੂੰ 'ਦੇਸ਼ਭਗਤ' ਕਹਿਣ ਵਾਲੀ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਵੀਰਵਾਰ ਨੂੰ ਸੰਸਦੀ ਰੱਖਿਆ ਕਮੇਟੀ ਵਿਚੋਂ ਹਟਾ ਦਿੱਤਾ ਗਿਆ। ਸਾਧਵੀ ਨੇ ਹੁਣ ਇੱਕ ਟਵੀਟ ਕਰਕੇ ਇਸ ਮਾਮਲੇ ਉੱਤੇ ਸਫਾਈ ਦਿੱਤੀ ਹੈ।
ਪ੍ਰਗਿਆ ਠਾਕੁਰ ਨੇ ਟਵੀਟ ਕਰਕੇ ਦਿੱਤੀ ਸਫਾਈ ਸੰਸਦੀ ਰੱਖਿਆ ਕਮੇਟੀ ਵਿਚੋਂ ਹਟਾਏ ਜਾਣ ਤੋਂ ਬਾਅਦ ਪ੍ਰਗਿਆ ਨੇ ਟਵੀਟ ਵਿੱਚ ਲਿਖਿਆ, "ਕੱਲ ਮੈਂ ਉਧਮ ਸਿੰਘ ਜੀ ਦਾ ਅਪਮਾਨ ਨਹੀਂ ਬਰਦਾਸ਼ ਕੀਤਾ।"
ਪ੍ਰਗਿਆ ਦੇ ਬਿਆਨ 'ਤੇ ਭਾਜਪਾ ਵੱਲੋਂ ਪਹਿਲੀ ਪ੍ਰਤੀਕ੍ਰਿਆ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ, "ਸੰਸਦ ਵਿਚ ਕੱਲ ਉਨ੍ਹਾਂ ਦਾ ਬਿਆਨ ਨਿੰਦਣਯੋਗ ਹੈ। ਭਾਜਪਾ ਕਦੇ ਵੀ ਇਸ ਤਰ੍ਹਾਂ ਦੇ ਬਿਆਨ ਜਾਂ ਵਿਚਾਰਧਾਰਾ ਦਾ ਸਮਰਥਨ ਨਹੀਂ ਕਰਦੀ।"
ਨੱਡਾ ਨੇ ਅੱਗੇ ਕਿਹਾ, "ਅਸੀਂ ਫੈਸਲਾ ਕੀਤਾ ਹੈ ਕਿ ਪ੍ਰੱਗਿਆ ਸਿੰਘ ਠਾਕੁਰ ਨੂੰ ਰੱਖਿਆ ਸਲਾਹਕਾਰ ਕਮੇਟੀ ਤੋਂ ਹਟਾ ਦਿੱਤਾ ਜਾਵੇਗਾ ਅਤੇ ਇਸ ਸੈਸ਼ਨ ਵਿੱਚ ਉਨ੍ਹਾਂ ਨੂੰ ਸੰਸਦੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ।"
ਦੱਸ ਦਈਏ ਕਿ ਰੱਖਿਆ ਮੰਤਰਾਲੇ ਦੀ ਇਸ ਕਮੇਟੀ ਵਿੱਚ ਕੁੱਲ 21 ਮੈਂਬਰ ਹਨ। ਇਨ੍ਹਾਂ ਵਿੱਚੋਂ ਇੱਕ ਨਾਂਅ ਸਾਧਵੀ ਪ੍ਰਗਿਆ ਠਾਕੁਰ ਦਾ ਵੀ ਹੈ। ਇਸ ਕਮੇਟੀ ਵਿਚ ਸੁਪ੍ਰੀਆ ਸੁਲੇ, ਮੀਨਾਕਸ਼ੀ ਲੇਖੀ, ਸ਼ਰਦ ਪਵਾਰ, ਫਾਰੂਕ ਅਬਦੁੱਲਾ, ਜੇ ਪੀ ਨੱਡਾ ਸਣੇ 21 ਹੋਰ ਆਗੂ ਸ਼ਾਮਲ ਹਨ।