ਚੁਰੂ/ ਰਾਜਸਥਾਨ: ਨੈਸ਼ਨਲ ਹਾਈਵੇ 52 ਤੇ ਦੁਧਵਾਖਾਰਾ ਥਾਣੇ ਦੀ ਪੁਲਿਸ ਨੇ ਜਾਂਚ ਦੌਰਾਨ ਕੇਲਿਆਂ ਦੀ ਆੜ ਵਿੱਚ ਡੋਡਾ ਪੋਸਤ ਲੈ ਕੇ ਆ ਰਹੇ ਪੰਜਾਬ ਨੰਬਰ ਦੇ ਇੱਕ ਟਰੱਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ, ਸਥਾਨਕ ਪੁਲਿਸ ਨੇ ਐਨਐਚ 52 'ਤੇ ਨਾਕਾ ਲਾਇਆ ਹੋਇਆ ਸੀ ਜਿਸ ਦੌਰਾਨ ਪੁਲਿਸ ਨੇ ਚੁਰੂ ਤੋਂ ਰਾਜਗੜ੍ਹ ਵੱਲ ਜਾ ਰਹੇ ਟਰੱਕ ਦੀ ਰੋਕ ਕੇ ਤਲਾਸ਼ੀ ਲਈ ਤਾਂ ਪਤਾ ਲੱਗਿਆ ਕਿ ਟਰੱਕ ਵਿੱਚ ਕੱਚੇ ਕੇਲਿਆਂ ਦੀ ਆੜ ਵਿੱਚ ਡੋਡਾ ਪੋਸਤ ਦੀ ਤਸਕਰੀ ਕੀਤੀ ਜਾ ਰਹੀ ਹੈ।
ਪੁਲਿਸ ਨੇ ਇਸ ਦੌਰਾਨ ਜਗਜੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਪੰਜਾਬ ਦੇ ਰਹਿਣ ਵਾਲੇ ਹਨ। ਪੁਲਿਸ ਦੀ ਜਾਂਚ ਦੌਰਾਨ ਇਨ੍ਹਾਂ ਨੇ ਕਬੂਲ ਕੀਤਾ ਕਿ ਉਹ ਇਹ ਨਸ਼ਾ ਸੰਗਰੂਰ ਲੈ ਕੇ ਜਾ ਰਹੇ ਸਨ। ਪੁਲਿਸ ਨੇ ਇਨ੍ਹਾਂ ਉੱਤੇ ਐਨਡੀਪੀਐਸ (ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ, ਜ਼ਬਤ ਕੀਤੇ ਡੋਡਾ ਪੋਸਤ ਦੀ ਬਜ਼ਾਰੀ ਕੀਮਤ 1 ਲੱਖ 20 ਹਜ਼ਾਰ ਦੱਸੀ ਜਾ ਰਹੀ ਹੈ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਸਥਾਨਕ ਪੁਲਿਸ ਦਵਾਈਆਂ ਅਤੇ ਧਾਗਿਆਂ ਦੀ ਆੜ ਵਿੱਚ ਤਸਕਰੀ ਕਰਨ ਵਾਲੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।