ਚੰਡੀਗੜ੍ਹ: ਦੇਸ਼ਭਰ 'ਚ ਅੱਜ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਹਰ ਸਾਲ 21 ਅਕਤੂਬਰ ਨੂੰ ਪੁਲਿਸ ਦੇ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਥਾਂ-ਥਾਂ 'ਤੇ ਸ਼ਹੀਦ ਪੁਲਿਸ ਜਵਾਨਾਂ ਦੀ ਯਾਦ 'ਚ ਸਮਾਗਮ ਕਰਵਾਏ ਜਾ ਰਹੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।
ਮੋਦੀ ਨੇ ਟਵੀਟ ਕਰਦੇ ਹੋਏ ਕਿਹਾ, "ਅਸੀਂ ਆਪਣੇ ਪੁਲਿਸ ਬਲਾਂ, ਉਨ੍ਹਾਂ ਦੇ ਪਰਿਵਾਰਾਂ ਨੂੰ ਸਲਾਮ ਕਰਦੇ ਹਾਂ। ਉਹ ਬਹਾਦਰ ਪੁਲਿਸ ਮੁਲਾਜ਼ਮ ਜੋ ਅੱਜ ਪੁਲਿਸ ਯਾਦਗਾਰੀ ਦਿਵਸ ਮੌਕੇ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਬੜੇ ਮਾਣ ਨਾਲ ਯਾਦ ਕਰਦੇ ਹਾਂ। ਸਾਡੇ ਪੁਲਿਸ ਕਰਮਚਾਰੀ ਆਪਣੀ ਡਿਉਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਉਨ੍ਹਾਂ ਦੀ ਹਿੰਮਤ ਹਮੇਸ਼ਾਂ ਸਾਨੂੰ ਪ੍ਰੇਰਿਤ ਕਰਦੀ ਹੈ।"
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦੇ ਹੋਏ ਕਿਹਾ, "ਪੁਲਿਸ ਯਾਦਗਾਰੀ ਦਿਵਸ ਮੌਕੇ ਮੈਂ ਆਪਣੇ ਬਹਾਦਰ ਪੁਲਿਸ ਮੁਲਾਜ਼ਮਾਂ ਦੀ ਬਹਾਦਰੀ ਦਾ ਸਨਮਾਨ ਕਰਨ ਲਈ ਆਪਣਾ ਸਿਰ ਝੁਕਾਉਂਦਾ ਹਾਂ ਜਿਨ੍ਹਾਂ ਨੇ ਮਾਤ ਭੂਮੀ ਦੀ ਸੇਵਾ ਵਿੱਚ ਸਰਵ ਉੱਚ ਕੁਰਬਾਨੀ ਦਿੱਤੀ। " ਕੈਪਟਨ ਨੇ ਟਵੀਟ ਕਰ ਅੱਗੇ ਲਿਖਿਆ, " ਸ਼ਹੀਦ ਹੋਏ ਜਵਾਨਾਂ ਦੀ ਹਿੰਮਤ ਅਤੇ ਸਮਰਪਣ ਸਾਡੀ ਯਾਦ ਵਿੱਚ ਸਦਾ ਲਈ ਕਾਇਮ ਰਹਿਣਗੇ "
ਦੱਸਣਯੋਗ ਹੈ ਕਿ ਆਜ਼ਾਦੀ ਤੋਂ ਲੈ ਕੇ ਇਸ ਸਾਲ ਅਗਸਤ ਤੱਕ ਦੇਸ਼ ਦੀ ਰੱਖਿਆ ਕਰਦਿਆਂ 35,000 ਜਵਾਨ ਸ਼ਹੀਦ ਹੋ ਚੁੱਕੇ ਹਨ। ਪਿਛਲੇ ਇੱਕ ਸਾਲ ਵਿੱਚ, ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਵਿੱਚ ਸਭ ਤੋਂ ਵੱਧ 67 ਜਵਾਨ ਮਾਰੇ ਗਏ ਹਨ। ਇਨ੍ਹਾਂ ਵਿੱਚ ਫਰਵਰੀ 2019 ਵਿੱਚ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ 40 ਜਵਾਨ ਵੀ ਸ਼ਾਮਲ ਹਨ।