ਮੱਧ ਪ੍ਰਦੇਸ਼:ਬਾਡਵਾਨੀ ਜ਼ਿਲ੍ਹੇ ਵਿੱਚ ਕਾਰਵਾਈ ਦੇ ਨਾਂਅ 'ਤੇ ਪਲਸੂਦ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਵੀਰਵਾਰ ਸ਼ਾਮ ਨੂੰ ਚਾਬੀ ਬਣਾਉਣ ਵਾਲੇ ਸਿਕਲੀਗਰ ਸਿੱਖ ਦੀ ਪਲਸੂਦ ਪੁਲਿਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਾਣਕਾਰੀ ਦੇ ਅਨੁਸਾਰ, ਪੁਲਿਸ ਤੇ ਚਾਬੀ ਬਣਾਉਣ ਵਾਲੇ ਸਿਕਲੀਗਰ ਵਿਚਕਾਰ ਦੁਕਾਨ ਬੰਦ ਕਰਨ ਨੂੰ ਲੈ ਕੇ ਝੜਪ ਹੋ ਗਈ।
ਸਿਕਲੀਗਰ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਦੁਕਾਨ ਖੋਲ੍ਹ ਕੇ ਬੈਠਾ ਸੀ ਤੇ ਉਸ ਵੇਲੇ ਮਹਿਲਾ ਸਬ ਇੰਸਪੈਕਟਰ ਅਤੇ ਪੁਲਿਸ ਮੁਲਾਜ਼ਮ ਆਏ ਅਤੇ ਪੈਸੇ ਦੀ ਮੰਗ ਕਰਨ ਲੱਗੇ। ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਜ਼ਬਰਦਸਤੀ ਦੁਕਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁੱਟਮਾਰ ਵੀ ਕੀਤੀ।
ਘਟਨਾ ਤੋਂ ਬਾਅਦ ਸਿਕਲੀਗਰਾਂ ਨੇ ਪੁਲਿਸ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੀਆਂ ਪੱਗਾਂ ਅਤੇ ਵਾਲਾ਼ਂ ਨੂੰ ਫੜ ਕੇ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦਾ ਅਪਮਾਨ ਕੀਤਾ।
ਦੋਸ਼ੀ ਪੁਲਿਸ ਮੁਲਾਜ਼ਮ ਦੇ ਖ਼ਿਲਾਫ਼ ਕਾਰਵਾਈ
ਮੱਧ ਪ੍ਰਦੇਸ਼ ਦੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਦੱਸਿਆ ਕਿ ਬਡਵਾਨੀ ਵਿੱਚ ASI ਸੀਤਾਰਾਮ ਭਟਨਾਗਰ ਤੇ ਹੈਡ ਕਾਂਸਟੇਬਲ ਮੋਹਨ ਜਾਮਰੇ ਨੂੰ ਸਿਕਲੀਗਰ ਸਿੱਖਾਂ ਨਾਲ ਕੀਤੀ ਬਦਸਕੂਲਕੀ ਲਈ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਸਿੱਖਾਂ ਨਾਲ ਅਜਿਹਾ ਅਣਮਨੁੱਖੀ ਵਤੀਰਾ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਇੰਦੌਰ ਆਈਜੀ ਵੱਲੋਂ ਕੀਤੀ ਜਾਵੇਗੀ ਤੇ ਇਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਦਾ ਪੱਖ
ਉੱਥੇ ਹੀ ਪੁਲਿਸ ਸੁਪਰਡੈਂਟ ਨਿਮਿਸ਼ ਅਗਰਵਾਲ ਨੇ ਇਸ ਬਾਰੇ ਇਕ ਹੋਰ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਲਸੂਦ ਵਿੱਚ ਪੁਲਿਸ ਜਾਂਚ ਦੌਰਾਨ 2 ਨੌਜਵਾਨ ਸਵਾਰਾਂ ਨੂੰ ਰੋਕਿਆ ਗਿਆ ਸੀ। ਉਨ੍ਹਾਂ ਵਿਚੋਂ ਇਕ ਸ਼ਰਾਬੀ ਸੀ। ਇਸ ਤੋਂ ਬਾਅਦ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਥਾਣੇ ਚੱਲਣ ਲਈ ਕਿਹਾ, ਪਰ ਉਸਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਿਹੜੇ ਸਿਕਲੀਗਰ ਨੇ ਇਹ ਦੋਸ਼ ਲਾਏ ਹਨ ਉਸ 'ਤੇ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਬਾਡਵਾਨੀ ਜ਼ਿਲ੍ਹੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਵਾਲੇ ਸਿੱਖਾਂ 'ਤੇ ਅੱਤਿਆਚਾਰ ਕਰ ਰਹੇ ਹਨ।
ਇਸ ਤੋਂ ਬਾਅਦ ਡੀਐਸਜੀਐਮਸੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਨੂੰ ਦਖ਼ਲ ਦੇਣ ਦੀ ਗੱਲ ਆਖੀ ਸੀ।