ਮੁੰਬਈ: ਇੱਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਭਗੌੜੇ ਆਰਥਿਕ ਅਪਰਾਧੀ ਕਾਨੂੰਨ (ਐਫਈਓਏ) ਦੇ ਤਹਿਤ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨਾਲ ਕਰੋੜਾਂ ਰਪੁਏ ਦਾ ਘੁਟਾਲਾ ਕਰਨ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜਾਇਦਾਦ ਜ਼ਬਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਦੋ ਸਾਲ ਪਹਿਲਾਂ ਲਾਗੂ ਕੀਤੇ ਗਏ ਐਫਈਓ ਐਕਟ ਦੇ ਤਹਿਤ ਦੇਸ਼ ਵਿੱਚ ਪਹਿਲੀ ਵਾਰ ਜਾਇਦਾਦ ਜ਼ਬਤ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਵਿਸ਼ੇਸ਼ ਜੱਜ ਵੀਸੀ ਬਰਦੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਨੀਰਵ ਮੋਦੀ ਦੀ ਮਲਕੀਅਤ ਵਾਲੀਆਂ ਉਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਇਜਾਜ਼ਤ ਦਿੱਤੀ ਜੋ ਪੀਆਨਬੀ ਕੋਲ ਗਹਿਣੇ ਨਹੀਂ ਹਨ। ਇਸ ਤੋਂ ਬਾਅਦ, ਉਕਤ ਜਾਇਦਾਦ ਐੱਫਈਓ ਐਕਟ ਦੀ ਧਾਰਾ 12 (2) ਅਤੇ 8 ਦੇ ਅਧੀਨ ਕੇਂਦਰ ਸਰਕਾਰ ਕੋਲ ਰਹੇਗੀ।
ਸ਼ਾਰਦੂਲ ਅਮਰਚੰਦ ਮੰਗਲਦਾਸ ਲਾਅ ਫਰਮ ਦੇ ਸੀਨੀਅਰ ਵਕੀਲ ਨਿਤੇਸ਼ ਜੈਨ, ਜੋ ਪੰਜਾਬ ਨੈਸ਼ਨਲ ਬੈਂਕ ਵੱਲੋਂ ਪੇਸ਼ ਹੋਏ, ਨੇ ਕਿਹਾ ਕਿ ਅਦਾਲਤ ਨੇ ਉਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਆਗਿਆ ਦਿੱਤੀ ਹੈ ਜਿਨ੍ਹਾਂ ਨੂੰ ਬੈਂਕ ਕੋਲ ਗਹਿਣੇ ਨਹੀਂ ਰੱਖਿਆ ਗਿਆ ਹੈ।