ਪ੍ਰਧਾਨ ਮੰਤਰੀ ਮੋਦੀ ਨੇ ਨਗਰੋਟਾ ਹਮਲੇ 'ਤੇ ਕੀਤੀ ਇੱਕ ਉੱਚ ਪੱਧਰੀ ਬੈਠਕ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਗਰੋਟਾ ਹਮਲੇ 'ਤੇ ਇਕ ਉੱਚ ਪੱਧਰੀ ਬੈਠਕ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਚੋਟੀ ਦੇ ਖੁਫੀਆ ਅਧਿਕਾਰੀ ਇਸ ਬੈਠਕ ਵਿੱਚ ਮੌਜੂਦ ਸਨ। ਮੀਟਿੰਗ ਵਿੱਚ ਇਹ ਪਾਇਆ ਗਿਆ ਕਿ ਅੱਤਵਾਦੀ 26/11 ਦੀ ਵਰ੍ਹੇਗੰਢ 'ਤੇ ਇੱਕ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ।
ਸੁਰੱਖਿਆ ਬਲਾਂ ਨੇ ਪਾਕਿਸਤਾਨ ਦੀਆਂ ਭੈੜੀਆਂ ਯੋਜਨਾਵਾਂ ਨੂੰ ਕੀਤਾ ਅਸਫ਼ਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਦਾ ਨਾਮ ਲਿਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਲਿਖਿਆ, "ਮੁਕਾਬਲੇ ਵਿੱਚ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਦਾ ਮਾਰਿਆ ਜਾਣਾ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ, ਉਨ੍ਹਾਂ ਦੇ ਨਾਪਾਕ ਮਨਸੂਬਿਆਂ ਦੀ ਅਸਫ਼ਲਤਾ ਨੂੰ ਦਰਸਾਉਂਦੀ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸੈਨਾ ਨੇ ਫ਼ਿਰ ਬੇਮਿਸਾਲ ਹਿੰਮਤ, ਬਹਾਦਰੀ, ਪੇਸ਼ੇਵਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਜੰਮੂ-ਕਸ਼ਮੀਰ ਵਿੱਚ ਜ਼ਮੀਨੀ ਪੱਧਰ ਦੀ ਲੋਕਤੰਤਰੀ ਅਭਿਆਸ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਨੂੰ ਅਸਫ਼ਲ ਕਰ ਦਿੱਤਾ।
ਮਹੱਤਵਪੂਰਣ ਗੱਲ ਇਹ ਹੈ ਕਿ ਵੀਰਵਾਰ ਸਵੇਰੇ ਜੰਮੂ ਕਸ਼ਮੀਰ ਦੇ ਜੰਮੂ ਜ਼ਿਲ੍ਹੇ ਦੇ ਨਗਰੋਟਾ ਵਿੱਚ ਇੱਕ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਵੱਲੋਂ ਇੱਕ ਟਰੱਕ ਵਿੱਚ ਸਵਾਰ ਚਾਰ ਅੱਤਵਾਦੀ ਮਾਰੇ ਗਏ।