ਹੈਦਰਾਬਾਦ: ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਪੀਐਮ ਮੋਦੀ ਨੇ ਧੋਨੀ ਨੂੰ ਇੱਕ ਪੱਤਰ ਲਿਖ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਲਈ ਧੰਨਵਾਦ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪੀਐਮ ਮੋਦੀ ਨੇ ਪੱਤਰ ਰਾਹੀਂ ਧੋਨੀ ਨੂੰ ਕਿਹਾ ਕਿ ਤੁਸੀਂ ਆਪਣੇ ਬੇਬਾਕ ਅੰਦਾਜ਼ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜੋ ਸਾਰੇ ਦੇਸ਼ ਲਈ ਇੱਕ ਭਾਵੁਕ ਚਰਚਾ ਬਨਣ ਲਈ ਕਾਫੀ ਸੀ। 130 ਕਰੋੜ ਭਾਰਤੀ ਨਿਰਾਸ਼ ਹੋਏ, ਪਰ ਤੁਸੀਂ ਜੋ ਵੀ ਭਾਰਤੀ ਕ੍ਰਿਕਟ ਲਈ ਕੀਤਾ, ਉਸ ਲਈ ਅਸੀਂ ਹਮੇਸ਼ਾ ਧੰਨਵਾਦੀ ਰਹਾਂਗੇ।
ਇਸ ਦੇ ਨਾਲ ਹੀ ਧੋਨੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ। ਧੋਨੀ ਨੇ ਲਿਖਿਆ ਕਿ ਇੱਕ ਕਲਾਕਾਰ, ਸਿਪਾਹੀ ਅਤੇ ਸਪੋਰਟਸਮੈਨ ਹਮੇਸ਼ਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਹੋਵੇ। ਉਹ ਚਾਹੁੰਦੇ ਹਨ ਕਿ ਹਰ ਕੋਈ ਉਨ੍ਹਾਂ ਦੀ ਮਿਹਨਤ ਅਤੇ ਕੁਰਬਾਨੀ ਨੂੰ ਪਛਾਣੇ। ਸ਼ਲਾਘਾ ਅਤੇ ਸ਼ੁਭ ਕਾਮਨਾਵਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਨੂੰ 2 ਵਿਸ਼ਵ ਕੱਪ ਦਿਵਾਉਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਆਪਣੇ ਸ਼ਾਂਤ ਸੁਭਾਅ ਲਈ ਮਸ਼ਹੂਰ, ਧੋਨੀ ਨੇ ਆਪਣੇ ਅੰਦਾਜ਼ ਮੁਤਾਬਕ ਇੰਸਟਾਗ੍ਰਾਮ 'ਤੇ ਇੱਕ ਪੋਸਟ ਦੇ ਜ਼ਰੀਏ ਸ਼ਾਂਤੀ ਨਾਲ ਸੰਨਿਆਸ ਲੈਣ ਦਾ ਐਲਾਨ ਕੀਤਾ।