ਅਯੁੱਧਿਆ: ਰਾਮ ਮੰਦਰ ਲਈ ਅਯੁੱਧਿਆ ਵਿੱਚ 5 ਅਗਸਤ ਨੂੰ ਭੂਮੀ ਪੂਜਨ ਹੋਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਰਹਿਣਗੇ। ਸੂਤਰਾਂ ਅਨੁਸਾਰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਪੀਐਮਓ ਨੂੰ 3 ਅਤੇ 5 ਅਗਸਤ ਦੀਆਂ 2 ਤਰੀਕਾਂ ਦਿੱਤੀਆਂ ਸਨ। ਪੀਐਮਓ ਨੇ 5 ਅਗਸਤ ਨੂੰ ਚੁਣਿਆ ਹੈ।
ਦੱਸ ਦਈਏ ਕਿ 5 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਗਠਨ ਦੀ ਐਲਾਨ ਕੀਤੀ ਸੀ। ਰਾਮ ਮੰਦਰ ਟਰੱਸਟ ਦੇ ਪ੍ਰਧਾਨ ਨ੍ਰਿਤਿਆ ਗੋਪਾਲ ਦਾਸ ਦੇ ਬੁਲਾਰੇ ਮਹੰਤ ਕਮਲ ਨਯਨ ਦਾਸ ਨੇ ਕਿਹਾ ਸੀ, "ਅਸੀਂ ਗ੍ਰਹਿ ਤਾਰਿਆਂ ਦੀ ਗਣਨਾ ਦੇ ਆਧਾਰ ’ਤੇ ਪ੍ਰਧਾਨ ਮੰਤਰੀ ਦੇ ਦੌਰੇ ਲਈ 2 ਸ਼ੁਭ ਤਰੀਕਾਂ- 3 ਅਤੇ 5 ਅਗਸਤ ਦਾ ਸੁਝਾਅ ਦਿੱਤਾ ਸੀ।"
ਜਾਣਕਾਰੀ ਲਈ ਦੱਸ ਦਈਏ ਕਿ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਪਿਛਲੇ ਸਾਲ 9 ਨਵੰਬਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।
ਸ਼ਨੀਵਾਰ ਨੂੰ ਅਯੁੱਧਿਆ ਵਿੱਚ ਟਰੱਸਟ ਮੈਂਬਰਾਂ ਦੀ ਇੱਕ ਬੈਠਕ ਵਿੱਚ ਮੰਦਰ ਦਾ ਨੀਂਹ ਪੱਥਰ ਰੱਖਣ ਦੀ ਸੰਭਾਵਤ ਤਰੀਕ ਬਾਰੇ ਫੈਸਲਾ ਲਿਆ ਗਿਆ। ਸੀਨੀਅਰ ਐਡਵੋਕੇਟ ਕੇ ਪਰਸਾਰਨ, ਵਾਸੁਦੇਵਾਨੰਦ ਸਰਸਵਤੀ ਅਤੇ ਸਵਾਮੀ ਵਿਸ਼ਵ ਪ੍ਰਸਨਜੀਤ ਨੇ ਵੀਡੀਓ ਲਿੰਕ ਰਾਹੀਂ ਮੀਟਿੰਗ ਵਿੱਚ ਸ਼ਿਰਕਤ ਕੀਤੀ।