ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਦੇ ਤਹਿਤ ਮਿਲਣ ਵਾਲੇ ਵਿੱਤੀ ਲਾਭ ਦੀ ਕਿਸ਼ਤ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਬਟਨ ਦੱਬ ਕੇ 9 ਕਰੋੜ ਕਿਸਾਨਾਂ ਦੇ ਖ਼ਾਤਿਆਂ ’ਚ 18 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ।
ਪੀਐੱਮ- ਕਿਸਾਨ ਅਤੇ ਕੇਂਦਰ ਸਰਕਾਰ ਦੀ ਹੋਰ ਖੇਤੀ ਕਲਿਆਣ ਦੀਆਂ ਯੋਜਨਾਵਾਂ ਨੂੰ ਲੈ ਕੇ ਕਿਸਾਨ ਆਪਣੇ ਅਨੁਭਵ ਪ੍ਰਧਾਨ ਮੰਤਰੀ ਨਾਲ ਸਾਂਝਾ ਕਰ ਰਹੇ ਹਨ।
ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਹਰ ਸਾਲ 3 ਕਿਸ਼ਤਾਂ ’ਚ ਮਿਲਦੀ ਹੈ 2,000 ਰੁਪਏ ਦੀ ਰਾਸ਼ੀ
ਜ਼ਿਕਰਯੋਗ ਹੈ ਕਿ ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਹਰ ਸਾਲ ਤਿੰਨ ਕਿਸ਼ਤਾਂ ’ਚ ਦੋ ਹਜ਼ਾਰ ਰੁਪਏ ਦੀ ਰਾਸ਼ੀ ਸਿੱਧਾ ਹੀ ਕਿਸਾਨਾਂ ਦੇ ਬੈਂਕ ਖ਼ਾਤਿਆਂ ’ਚ ਭੇਜੀ ਜਾਂਦੀ ਹੈ। ਇਹ ਪ੍ਰੋਗਰਾਮ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਸਰਕਾਰ ਦਾ ਦਾਅਵਾ ਹੈ ਕਿ ਇਹ ਤਿੰਨ ਕਾਨੂੰਨ ਕਿਸਾਨਾਂ ਦੇ ਹਿੱਤ ’ਚ ਹਨ। ਉਹ ਗੱਲਬਾਤ ਦੇ ਮਾਧਿਅਮ ਨਾਲ ਵਿਵਾਦ ਨੂੰ ਨਿਪਟਾਉਣਾ ਚਾਹੁੰਦੇ ਹਨ। ਦੋਵਾਂ ’ਚ ਕਈ ਦੌਰਾਂ ਦੀ ਗੱਲਬਾਤ ਵੀ ਹੋਈ ਹੈ ਪਰ ਕੋਈ ਨਤੀਜਾ ਨਾ ਨਿਕਲਿਆ। ਸਰਕਾਰ ਗੱਲਬਾਤ ਦੇ ਰਸਤੇ ਬੰਦ ਨਹੀਂ ਕਰਨਾ ਚਾਹੁੰਦੀ ਇਸ ਲਈ ਸਰਕਾਰ ਵੱਲੋਂ ਵੀਰਵਾਰ ਨੂੰ ਫਿਰ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਗਿਆ।