PM ਮੋਦੀ ਨੇ 'ਫਿਟ ਇੰਡੀਆ ਮੂਵਮੈਂਟ' ਦੀ ਕੀਤੀ ਸ਼ੁਰੂਆਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਫਿਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕੀਤੀ ਹੈ। ਪੀਐੱਮ ਮੋਦੀ ਨੇ ਮੇਜਰ ਧਿਆਨਚੰਦ ਨੂੰ ਯਾਦ ਕਰਦਿਆਂ ਦਿੱਲੀ ਦੇ ਇੰਦਰਾ ਗਾਂਧੀ ਸਟੇਡਿਅਮ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਫਿਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਮੁੱਖ ਮਕਸਦ ਲੋਕਾਂ ਨੂੰ ਫਿਟ ਰਹਿਣ ਲਈ ਜਾਗਰੂਕ ਬਣਾਉਣਾ ਹੈ। ਭਾਰਤ ਵਿੱਚ ਹਰ ਸਾਲ 29 ਅਗਸਤ ਖੇਡ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜੋ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮਦਿਨ ਵੀ ਹੈ।
ਫਿਟ ਇੰਡੀਆ ਅਭਿਆਨ ਵਿੱਚ ਉਦਯੋਗ ਜਗਤ, ਫਿਲਮੀ ਜਗਤ, ਖੇਡ ਜਗਤ ਤੋਂ ਇਲਾਵਾ ਹੋਰ ਅਨੇਕਾਂ ਹਸਤੀਆਂ ਸ਼ਾਮਿਲ ਹੋਈਆਂ। ਇਸ ਅਭਿਆਨ ਉੱਤੇ ਭਾਰਤ ਸਰਕਾਰ ਦੇ ਖੇਡ ਮੰਤਰਾਲਾ ਤੋਂ ਇਲਾਵਾ, ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ, ਪੇਂਡੂ ਵਿਕਾਸ ਮੰਤਰਾਲਾ ਵਰਗੇ ਮੰਤਰਾਲਾ ਆਪਸੀ ਤਾਲਮੇਲ ਨਾਲ ਕੰਮ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ 'ਮਨ ਕੀ ਬਾਤ' ਵਿੱਚ ਸੰਬੋਧਨ ਦੌਰਾਨ ਕਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਉੱਤੇ ਅਸੀਂ ਦੇਸ਼ ਭਰ ਵਿੱਚ ਫਿਟ ਇੰਡੀਆ ਅੰਦੋਲਨ ਕਰਨ ਵਾਲਾ ਹਾਂ। ਉਨ੍ਹਾਂ ਨੇ ਕਿਹਾ ਸੀ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ, ਦੇਸ਼ ਨੂੰ ਫਿਟ ਬਣਾਉਣਾ ਹੈ, ਹਰ ਇੱਕ ਲਈ ਬੱਚੇ, ਬਜ਼ੁਰਗ, ਜਵਾਨ, ਮਹਿਲਾ ਸਭ ਲਈ ਇਹ ਬਹੁਤ ਰੋਚਕ ਅਭਿਆਨ ਹੋਵੇਗਾ ਅਤੇ ਇਹ ਤੁਹਾਡਾ ਆਪਣਾ ਹੋਵੇਗਾ।
ਪੀਐੱਮ ਮੋਦੀ ਨੇ ਕਿਹਾ ਸੀ ਕਿ ਮੈਂ ਆਪਣੇ ਆਪ ਉਸ ਦਿਨ ਵਿਸਥਾਰ ਨਾਲ ਇਸ ਵਿਸ਼ੇ ਉੱਤੇ ਗੱਲ ਕਰਾਂਗਾ ਅਤੇ ਤੁਹਾਨੂੰ ਜੋੜੇ ਬਿਨਾਂ ਰਹਿਣ ਵਾਲਾ ਨਹੀਂ ਹਾਂ। ਕਿਉਂਕਿ ਤੁਹਾਨੂੰ ਮੈਂ ਫਿਟ ਵੇਖਣਾ ਚਾਹੁੰਦਾ ਹਾਂ। ਤੁਹਾਨੂੰ ਤੰਦਰੁਸਤ ਰਹਿਣ ਲਈ ਜਾਗਰੂਕ ਬਣਾਉਣਾ ਚਾਹੁੰਦਾ ਹਾਂ ਅਤੇ ਆਓ ਫਿਟ ਇੰਡੀਆ ਲਈ, ਦੇਸ਼ ਲਈ ਅਸੀਂ ਮਿਲ ਕੇ ਕੁੱਝ ਟੀਚਾ ਵੀ ਨਿਰਧਾਰਤ ਕਰੀਏ।